ਫਗਵਾੜਾ 11 ਨਵੰਬਰ ( ਸ਼ਰਨਜੀਤ ਸਿੰਘ ਸੋਨੀ ) ਸਾਂਪਲਾ ਫਾਊਂਡੇਸ਼ਨ ਨਾਲ ਸਬੰਧਿਤ ਸਮਾਜ ਸੇਵੀ ਸੰਸਥਾ ਨਵਿਆ ਹੈਲਪਿੰਗ ਹੈਂਡਸ ਵਲੋਂ ਸੀਨੀਅਰ ਭਾਜਪਾ ਆਗੂ ਆਸ਼ੂ ਸਾਂਪਲਾ ਦੀ ਪੁੱਤਰੀ ਨਵਿਆ ਦੀ ਮਿੱਠੀ ਯਾਦ ‘ਚ ਇੱਕ ਮੈਗਾ ਖੂਨਦਾਨ ਕੈਂਪ ਐਤਵਾਰ, 14 ਦਸੰਬਰ ਨੂੰ ਫਗਵਾੜਾ ਦੇ ਜੀਟੀ ਰੋਡ ਸਥਿਤ ਅਸ਼ੀਸ਼ ਕੌਂਟੀਨੈਂਟਲ ਵਿਖੇ ਲਗਾਇਆ ਜਾ ਰਿਹਾ ਹੈ।
ਇਸ ਮੈਗਾ ਕੈਂਪ ਦਾ ਬੈਨਰ ਅੱਜ ਸਾਬਕਾ ਕੇਂਦਰੀ ਮੰਤਰੀ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਰਾਸ਼ਟਰੀ ਚੇਅਰਮੈਨ ਵਿਜੇ ਸਾਂਪਲਾ ਦੁਆਰਾ ਲਾਂਚ ਕੀਤਾ ਗਿਆ। ਆਸ਼ੂ ਸਾਂਪਲਾ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਨਵਿਆ ਸਾਂਪਲਾ ਢਾਈ ਸਾਲ ਦੀ ਉਮਰ ਵਿੱਚ ਸਮੇਂ ਸਿਰ ਖੂਨ ਨਾ ਮਿਲਣ ਕਾਰਨ ਦੁਨੀਆ ਤੋਂ ਅਲਵਿਦਾ ਹੋ ਗਈ ਸੀ।
ਇਸ ਦੁਖਦਾਈ ਘਟਨਾ ਨੇ ਉਨ੍ਹਾਂ ਨੂੰ ਸਾਂਪਲਾ ਫਾਊਂਡੇਸ਼ਨ ਅਤੇ ਨਵਿਆ ਹੈਲਪਿੰਗ ਹੈਂਡਸ ਰਾਹੀਂੰ ਵੱਧ ਤੋਂ ਵੱਧ ਖੂਨਦਾਨ ਦਾ ਟੀਚਾ ਮਿੱਥ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਸਾਲ ਨਵਿਆ ਦੇ ਬਾਰ੍ਹਵੇਂ ਜਨਮ ਦਿਨ ਦੇ ਮੌਕੇ ’ਤੇ, 14 ਦਸੰਬਰ ਨੂੰ ਅਸ਼ੀਸ਼ ਕੌਂਟੀਨੈਟਲ (ਗੁਪਤਾ ਪੈਲੇਸ) ਵਿਖੇ ਖੂਨ ਦਾਨ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਾਰੀ ਰਹੇਗਾ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਅਤੇ ਵੱਧ ਤੋਂ ਵੱਧ ਖੂਨਦਾਨ ਕਰਨ ਤਾਂ ਜੋ ਕਿਸੇ ਵੀ ਮਰੀਜ਼ ਨੂੰ ਖੂਨ ਦੀ ਘਾਟ ਕਾਰਨ ਆਪਣੇ ਪਰਿਵਾਰ ਅਤੇ ਇਸ ਦੁਨੀਆਂ ਨੂੰ ਅਲਵਿਦਾ ਨਾ ਕਹਿਣਾ ਪਵੇ।