Canada ਦਾ ਇਕ ਹੋਰ ਝਟਕਾ, ਵਿਦਿਆਰਥੀਆਂ ਲਈ ਬੰਦ ਕੀਤਾ ਇਹ ਵੀਜ਼ਾ…
ਭਾਰਤ ਨਾਲ ਜਾਰੀ ਤਣਾਅ ਵਿਚਾਲੇ ਕੈਨੇਡਾ ਨੇ ਭਾਰਤੀਆਂ ਖਾਸ ਕਰ ਪੰਜਾਬੀਆਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਨੇ ਆਪਣੇ ਪ੍ਰਸਿੱਧ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਪ੍ਰੋਗਰਾਮ (fast-track student visas) ਨੂੰ ਸ਼ੁੱਕਰਵਾਰ (8 ਨਵੰਬਰ, 2024) ਤੋਂ ਪ੍ਰਭਾਵੀ ਤੌਰ ‘ਤੇ ਬੰਦ ਕਰ ਦਿੱਤਾ ਹੈ, ਜਿਸ ਨਾਲ ਫਾਸਟ-ਟਰੈਕ ਸਟੱਡੀ ਪਰਮਿਟ ਪ੍ਰਕਿਰਿਆ ਨੂੰ ਖਤਮ ਕੀਤਾ ਗਿਆ ਹੈ। ਇਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਲਦੀ ਵੀਜ਼ਾ ਲੈਣ ਵਿੱਚ ਮਦਦ ਮਿਲਦੀ ਸੀ। ਇਹ ਵੀਜ਼ਾ 2018 ਵਿੱਚ ਲਾਂਚ ਕੀਤਾ ਗਿਆ। ਇਸ ਦਾ ਉਦੇਸ਼ ਭਾਰਤ, ਚੀਨ ਅਤੇ ਫਿਲੀਪੀਨਜ਼ ਸਮੇਤ 14 ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਸੀ। ਇਸ ਤੋਂ ਪਹਿਲਾਂ ਕੈਨੇਡਾ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਦਿਸ਼ਾ-ਨਿਰਦੇਸ਼ਾਂ ਵਿੱਚ ਸਖ਼ਤ ਬਦਲਾਅ ਕੀਤੇ ਸਨ। ਹੁਣ ਭਾਰਤੀਆਂ ਨੂੰ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ। ਇਸ ਦੀ ਬਜਾਏ ਭਾਰਤੀ ਨਾਗਰਿਕਾਂ ਲਈ ਵਿਜ਼ਟਰ ਵੀਜ਼ੇ ਦੀ ਮਿਆਦ ਘਟਾ ਕੇ 1 ਮਹੀਨੇ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਜ਼ਟਰ ਵੀਜ਼ਾ ਨੂੰ ਸਿੱਧੇ ਤੌਰ ਉਤੇ ਵਰਕ ਵੀਜ਼ਾ (work visa) ‘ਚ ਤਬਦੀਲ ਕਰਨ ਦੀ ਵਿਵਸਥਾ ਕੀਤੀ ਗਈ ਹੈ। ਕੈਨੇਡਾ ਸਰਕਾਰ ਵੱਲੋਂ ਇਹ ਕਦਮ ਵੀਜ਼ਾ ਪ੍ਰਣਾਲੀ ਵਿੱਚ ਸਖ਼ਤ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ, ਜਿਸ ਕਾਰਨ ਭਾਰਤੀ ਨਾਗਰਿਕਾਂ ਲਈ ਲੰਬੇ ਸਮੇਂ ਦੇ ਵੀਜ਼ੇ ਦੀ ਸਹੂਲਤ ਖ਼ਤਮ ਹੋ ਜਾਵੇਗੀ। ਇਹ ਤਬਦੀਲੀ ਉਨ੍ਹਾਂ ਭਾਰਤੀਆਂ ਲਈ ਖਾਸ ਤੌਰ ਉਤੇ ਮੁਸ਼ਕਲ ਸਾਬਤ ਹੋ ਸਕਦੀ ਹੈ ਜੋ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਜਾਂ ਹੋਰ ਕੰਮ ਲਈ ਲੰਬੇ ਸਮੇਂ ਲਈ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਸਨ।