ਕੇਂਦਰੀ ਰਾਜ ਮੰਤਰੀ ਵਲੋਂ ਲੋਕ ਭਲਾਈ ਯੋਜਨਾਵਾਂ ਦੀ ਸਮੀਖਿਆ, ਅਧਿਕਾਰੀਆਂ ਨੂੰ ਲੋਕ ਪੱਖੀ ਤੇ ਵਿਕਾਸਮੁਖੀ ਯੋਜਨਾਵਾਂ ਦਾ ਲਾਭ ਹਰੇਕ ਲੋੜਵੰਦ ਤੱਕ ਪੁੱਜਣਾ ਯਕੀਨੀ ਬਣਾਉਣ ਲਈ ਕਿਹਾ
ਫਗਵਾੜਾ , 9 ਮਈ ਕੇਂਦਰੀ ਰਾਜ ਮੰਤਰੀ , ਉਦਯੋਗ ਤੇ ਕਾਮਰਸ ਸ਼੍ਰੀ ਸ਼ੋਮ ਪ੍ਰਕਾਸ਼ ਵਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਕੇਂਦਰ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਵਾਲੀਆਂ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ’ਤੇ ਪੁੱਜਣਾ ਯਕੀਨੀ ਬਣਾਉਣ ਤਾਂ ਜੋ ਸਮਾਜ ਦੇ ਕਮਜ਼ੋਰ ਤਬਕੇ ਦੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਂਦਾ ਜਾ ਸਕੇ। ਅੱਜ ਇੱਥੇ ਨਗਰ ਨਿਗਮ ਫਗਵਾੜਾ ਦੇ ਦਫਤਰ ਵਿਖੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ,ਐਸ.ਐਸ.ਪੀ ਸ੍ਰੀ ਰਾਜ ਬਚਨ ਸਿੰਘ ਸੰਧੂ ਅਤੇ ਜਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੇਂਦਰੀ ਰਾਜ ਮੰਤਰੀ ਵਲੋਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਤੇ ਵਿਸ਼ੇਸ਼ ਕਰਕੇ ਐਮ.ਪੀ ਲੈਡ,ਅੰਮ੍ਰਿਤ ਸਰੋਵਰ ਅਤੇ ਪੀ.ਐੱਮ ਸਵਾਨਿਧੀ ਯੋਜਨਾ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਐਮ.ਪੀ ਲੈਡ ਤਹਿਤ ਉਨ੍ਹਾਂ ਵੱਲੋਂ 2.64 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੂੰ ਜਲਦ ਤੋਂ ਜਲਦ ਖਰਚ ਕਰਕੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਏ ਜਾਣ ਤਾਂ ਜੋ ਹੋਰ ਫੰਡ ਜਾਰੀ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਸਬੰਧੀ ਐਸਟੀਮੇਟ ਤੁਰੰਤ ਤਿਆਰ ਕਰਕੇ ਭੇਜੇ ਜਾਣ ਤਾਂ ਜੋ ਵਿਕਾਸ ਕੰਮਾਂ ਨੂੰ ਹੋਰ ਹੁਲਾਰਾ ਮਿਲ ਸਕੇ। ਉਨ੍ਹਾਂ ਜ਼ਿਲ੍ਹੇ ਵਿੱਚ ਆਜ਼ਾਦੀ ਦੀ 75 ਵੀ ਵਰ੍ਹੇਗੰਢ ਨੂੰ ਸਮਰਪਿਤ ਅੰਮ੍ਰਿਤ ਸਰੋਵਰ ਯੋਜਨਾ ਤਹਿਤ ਪਾਣੀ ਦੀ ਸਾਂਭ ਸੰਭਾਲ ਲਈ ਸਰੋਵਰਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ। ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਲੋਕ ਹਿੱਤਾਂ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਤੇ ਵਿਕਾਸਮੁਖੀ ਯੋਜਨਾਵਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਲੋਕ ਭਲਾਈ ਵਾਲੀਆਂ ਯੋਜਨਾਵਾਂ ਦਾ ਹਫਤਾਵਾਰੀ ਆਧਾਰ ’ਤੇ ਮੁਲਾਂਕਣ ਕਰਨ ਤਾਂ ਜੋ ਹਰੇਕ ਲੋੜਵੰਦ ਤੱਕ ਇਨ੍ਹਾਂ ਦਾ ਲਾਭ ਪੁੱਜ ਸਕੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਕੇਂਦਰੀ ਸਕੀਮਾਂ ਸਬੰਧੀ ਵਰਤੋਂ ਸਰਟੀਫਿਕੇਟ ਵੀ ਤੁਰੰਤ ਜਮ੍ਹਾਂ ਕਰਵਾਉਣ ਤਾਂ ਜੋ ਹੋਰ ਫੰਡ ਜਾਰੀ ਕੀਤੇ ਜਾ ਸਕਣ। ਮੀਟਿੰਗ ਦੌਰਾਨ ਐਸ.ਐਸ.ਪੀ. ਸ੍ਰੀ ਰਾਜਬਚਨ ਸਿੰਘ ਸੰਧੂ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਐਸ.ਪੀ ਐਚ.ਪੀ. ਐਸ ਪਰਮਾਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ, ਐਸ.ਡੀ.ਐਮ ਕੁਲਪ੍ਰੀਤ ਸਿੰਘ ਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।