Schools closed- ਚੰਡੀਗੜ੍ਹ ਦੇ ਸਿੱਖਿਆ ਵਿਭਾਗ (Chandigarh Education Department ) ਨੇ ਸਕੂਲਾਂ ਦਾ ਸਮਾਂ ਬਦਲਿਆ ਹੈ ਤੇ ਅੱਠਵੀਂ ਕਲਾਸ ਤੱਕ ਦੇ ਸਕੂਲ 11 ਜਨਵਰੀ ਤਕ ਬੰਦ (schools closed) ਰੱਖਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਸਬੰਧੀ ਸਕੂਲਾਂ ਵਿਚ ਸਿਰਫ ਆਨਲਾਈਨ ਕਲਾਸਾਂ ਹੀ ਲੱਗਣਗੀਆਂ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਆਨਲਾਈਨ ਕਲਾਸਾਂ ਸਵੇਰ ਨੌਂ ਵਜੇ ਤੋਂ ਬਾਅਦ ਹੀ ਲਾਉਣ ਤੇ ਇਸ ਅਨੁਸਾਰ ਹੀ ਸਕੂਲ ਦਾ ਸਟਾਫ ਸੱਦਣ।
ਇਸ ਤੋਂ ਇਲਾਵਾ ਨੌਵੀਂ ਤੋਂ ਬਾਰ੍ਹਵੀਂ ਤਕ ਦੀਆਂ ਕਲਾਸਾਂ ਲਈ ਸਕੂਲ ਸਾਢੇ ਨੌਂ ਵਜੇ ਤੋਂ ਬਾਅਦ ਹੀ ਖੋਲ੍ਹਣ ਲਈ ਕਿਹਾ ਗਿਆ ਹੈ ਤੇ ਇਨ੍ਹਾਂ ਜਮਾਤਾਂ ਲਈ ਛੁੱਟੀ ਸਾਢੇ ਤਿੰਨ ਵਜੇ ਤੋਂ ਪਹਿਲਾਂ ਕਰਨ ਲਈ ਕਿਹਾ ਗਿਆ ਹੈ। ਇਹ ਹੁਕਮ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਵਲੋਂ ਅੱਜ ਜਾਰੀ ਕੀਤੇ ਗਏ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ ਠੰਢ ਲਗਾਤਾਰ ਵਧ ਰਹੀ ਹੈ ਤੇ ਪਿਛਲੇ ਕਈ ਦਿਨਾਂ ਤੋਂ ਧੁੰਦ ਵੀ ਜ਼ਿਆਦਾ ਪੈ ਰਹੀ ਹੈ ਜਿਸ ਕਾਰਨ ਯੂਟੀ ਦੇ ਸਿੱਖਿਆ ਵਿਭਾਗ ਨੇ ਸ਼ਹਿਰ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਲਈ ਹੁਕਮ ਜਾਰੀ ਕੀਤੇ ਹਨ। ਉਧਰ, ਮੌਸਮ ਵਿਗਿਆਨੀਆਂ ਨੇ 5 ਜਨਵਰੀ ਨੂੰ ਬਾਅਦ ਦੁਪਹਿਰ ਤੋਂ ਸ਼ਹਿਰ ਵਿੱਚ ਮੁੜ ਤੋਂ ਮੌਸਮ ਤਬਦੀਲ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 5 ਜਨਵਰੀ ਨੂੰ ਬਾਅਦ ਦੁਪਹਿਰ ਤੋਂ 6 ਜਨਵਰੀ ਦੁਪਹਿਰ ਤੱਕ ਰੁਕ-ਰੁਕ ਕੇ ਹਲਕਾ ਮੀਂਹ ਪੈ ਸਕਦਾ ਹੈ। ਸਿਟੀ ਬਿਊਟੀਫੁੱਲ ਵਿੱਚ ਸ਼ੁੱਕਰਵਾਰ ਰਾਤ ਤੋਂ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ, ਜੋ ਅੱਜ ਸਵੇਰੇ 10-11 ਵਜੇ ਤੱਕ ਜਾਰੀ ਰਹੀ। ਉਸ ਤੋਂ ਬਾਅਦ ਨਿਕਲੀ ਧੁੱਪ ਕਰਕੇ ਸ਼ਹਿਰ ਵਾਸੀਆਂ ਨੇ ਪੈ ਰਹੀ ਕੜਾਕੇ ਦੀ ਠੰਢ ਤੋਂ ਕੁੱਝ ਰਾਹਤ ਮਹਿਸੂਸ ਕੀਤੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਸੂਬੇ ਦੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ’ਚ ਸਰਦੀਆਂ ਦੀਆਂ ਛੁੱਟੀਆਂ (Holidays in schools) 7 ਜਨਵਰੀ ਤੱਕ ਵਧਾ ਦਿੱਤੀਆਂ ਸਨ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐੱਕਸ ਉਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਠੰਢ ਕਾਰਨ ਸੂਬੇ ਦੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।