Ferozepur : ਫ਼ਿਰੋਜ਼ਪੁਰ ਦੇ ਵਾਹਗਾ ਮੋੜ ‘ਤੇ ਸ਼ਾਰਟ ਸਰਕਟ ਕਾਰਨ ਕਰਿਆਨੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦੁਕਾਨ ‘ਚ ਰੱਖਿਆ ਸਾਰਾ ਕਰਿਆਨਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਦੁਕਾਨ ‘ਤੇ ਮੁਰੰਮਤ ਲਈ ਆਏ ਮੋਟਰਸਾਈਕਲ ਵੀ ਅੱਗ ਦੀ ਲਪੇਟ ‘ਚ ਆ ਗਏ | ਦੁਕਾਨਦਾਰਾਂ ਅਨੁਸਾਰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗੀ ਹੈ। ਉਸ ਨੇ ਆ ਕੇ ਦੇਖਿਆ ਤਾਂ ਦੁਕਾਨ ‘ਚੋਂ ਤੇਜ਼ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਦੁਕਾਨਦਾਰ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਦੇ ਸਾਹਮਣੇ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੇ ਬੜੀ ਮੁਸ਼ਕਲ ਨਾਲ ਦੁਕਾਨ ਨੂੰ ਸਾਮਾਨ ਨਾਲ ਭਰਿਆ ਸੀ ਅਤੇ ਇਸ ਦੁਕਾਨ ਦੀ ਮਦਦ ਨਾਲ ਉਸ ਦੇ ਘਰੇਲੂ ਖਰਚੇ ਪੂਰੇ ਹੁੰਦੇ ਸਨ ਪਰ ਹੁਣ ਉਸ ਕੋਲ ਕੁਝ ਨਹੀਂ ਬਚਿਆ। ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਕਰੀਬ 14 ਤੋਂ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।