Jalandhar : ਜਲੰਧਰ ਸ਼ਹਿਰ ਦੇ ਸਭ ਤੋਂ ਵਿਅਸਤ ਬਾਜ਼ਾਰ ਖਿੰਗੜਾ ਫਾਟਕ ‘ਤੇ ਸ਼ਨੀਵਾਰ ਦੇਰ ਸ਼ਾਮ ਇਕ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਦੂਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕਰੀਬ ਪੰਜ ਰਾਉਂਡ ਫਾਇਰ ਕੀਤੇ ਗਏ, ਜਿਸ ਨਾਲ ਦੋ ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਬਾਦਸ਼ਾਹ ਵਾਸੀ ਅਲੀ ਮੁਹੱਲਾ ਨਾਮਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਉਸ ਦਾ ਦੋਸਤ ਈਸ਼ੂ ਵਾਸੀ ਬਸਤੀ ਭੂਰੇਖਾਂ ਗੰਭੀਰ ਜ਼ਖ਼ਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਦੀਵਾਲੀ ਦੀ ਰਾਤ ਜੂਆ ਖੇਡਦੇ ਸਮੇਂ ਦੋ ਪੱਖ ਆਪਸ ’ਚ ਭਿੜ ਗਏ। ਪਰ ਜਦੋਂ ਇਹ ਦੋਵੇਂ ਮੁੜ ਮਿਲੇ ਤਾਂ ਇਨ੍ਹਾਂ ਵਿਚਾਲੇ ਮੁੜ ਬਹਿਸ ਹੋਈ ਅਤੇ ਦੋਹਾਂ ਵਿਚਾਲੇ ਗੋਲੀਆਂ ਚੱਲੀਆਂ। ਇਸ ਦੌਰਾਨ ਦੋ ਮੁੰਡੇ ਜ਼ਖਮੀ ਹੋ ਗਏ ਜਿਸ ਕਾਰਨ ਇੱਕ ਦੀ ਮੌਤ ਹੋ ਗਈ। ਇੱਕ ਨੌਜਵਾਨ ਦੇ ਪੱਟ ’ਤੇ ਗੋਲੀ ਲੱਗੀ ਅਤੇ ਦੂਜੇ ਦੇ ਢਿੱਡ ’ਤੇ ਗੋਲੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜੂਏ ਦੀ ਰਕਮ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਬਹਿਸ ਵੀ ਹੋਈ। ਸ਼ਨੀਵਾਰ ਨੂੰ ਬਾਦਸ਼ਾਹ, ਈਸ਼ੂ ਅਤੇ ਉਸ ਦੇ ਸਾਥੀ ਢਾਹਾਂ ਮੁਹੱਲੇ ਵੱਲ ਗਏ ਸਨ। ਜਿੱਥੇ ਮਨੂ ਕਪੂਰ ਅਤੇ ਉਸ ਦੇ ਸਾਥੀਆਂ ਨੇ ਦੇਸੀ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ।
ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਟੀਮ ਘਟਨਾ ਵਾਲੀ ਥਾਂ ‘ਤੇ ਜਾਂਚ ਲਈ ਪਹੁੰਚੀ। ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਬਾਦਸ਼ਾਹ ਦੇ ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਸੜਕ ਜਾਮ ਕਰਕੇ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।