Mansa : ਮਾਨਸਾ ਦੇ ਪਿੰਡ ਰਾਮਗੜ੍ਹ ਦਰਿਆਪੁਰ ਵਿੱਚੋਂ ਨਿਕਲਦੇ ਰਜਵਾਹੇ ਵਿੱਚ ਪਾੜ ਪੈਣ ਕਾਰਨ ਕਰੀਬ 100 ਏਕੜ ਨਰਮੇ ਅਤੇ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨਾਂ ਨੇ ਰਜਬਾਹਾ ਦੇ ਟੁੱਟਣ ਲਈ ਨਹਿਰੀ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੇਰ ਰਾਤ ਬੁਢਲਾਡਾ ਨੇੜਲੇ ਪਿੰਡ ਰਾਮਗੜ੍ਹ ਦਰਿਆਪੁਰ ਵਿਖੇ ਬੁਢਲਾਡਾ ਬਰਾਂਚ ਰਜਬਾਹੇ ਵਿੱਚ 100 ਫੁੱਟ ਦਾ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ ਕਰੀਬ 100 ਏਕੜ ਨਰਮਾ (ਕਪਾਹ) ਅਤੇ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਅਤੇ ਰਜਵਾਹੇ ਵਿੱਚ ਪਾੜ ਪੈਣ ਕਾਰਨ ਪਿੰਡ ਰੌਲੀ ਅਤੇ ਰਾਮਗੜ੍ਹ ਦਰਿਆਪੁਰ ਵਿੱਚ ਦੇ ਕਿਸਾਨ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ।
ਨਹਿਰੀ ਵਿਭਾਗ ਨੂੰ ਕੀਤੀ ਸੀ ਸ਼ਿਕਾਇਤ- ਕਿਸਾਨ
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਵੀ ਨਹਿਰੀ ਵਿਭਾਗ ਨੂੰ ਕਿਹਾ ਗਿਆ ਸੀ ਕਿ ਪੁਲ ਦੀ ਸਫ਼ਾਈ
ਅਤੇ ਹੋਰ ਕਰਵਾਈ ਜਾਵੇ ਨਹੀਂ ਤਾਂ ਇਸ ਕਾਰਨ ਰਜਵਾਹੇ ਵਿੱਚ ਦਰਾਰ ਪੈ ਸਕਦੀ ਹੈ। ਪਰ ਵਿਭਾਗ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ ਅੱਜ ਰਾਜਵਾਹੇ ਵਿੱਚ ਪਾੜ ਪੈਣ ਕਾਰਨ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ।
ਓਵਰ ਫਲੋਅ ਵੀ ਹੋਇਆ ਰਜਵਾਹਾ- ਸਥਾਨਕ ਲੋਕ
ਸਥਾਨਕ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪੁਲ ਦੀ ਸਫ਼ਾਈ ਨਾਲ ਹੋਣ ਕਾਰਨ ਰਜਵਾਹੇ ਦਾ ਪਾਣੀ ਓਵਰ ਫਲੋ ਹੋ ਗਿਆ ਸੀ ਜਿਸ ਕਾਰਨ ਰਜਵਾਹੇ ਵਿੱਚ ਪਾੜ ਪੈ ਗਿਆ।
ਪਿੰਡ ਵਾਲਿਆਂ ਨੇ ਕਿਹਾ ਕਿ ਰਜਵਾਹੇ ਦੀ ਸਫਾਈ ਨਾ ਹੋਣਾ ਅਤੇ ਰੇਲਵੇ ਤੇ ਬਣ ਪੁੱਲ ਦੀ ਸਫਾਈ ਨਾ ਹੋਣ ਕਾਰਨ ਇਹ ਘਟਨਾ ਹੋਈ ਹੈ।
ਜਲਦੀ ਹੀ ਪੂਰ ਲਿਆ ਜਾਵੇਗਾ ਪਾੜ- ਨਹਿਰੀ ਵਿਭਾਗ
ਕਿਸਾਨਾਂ ਨੇ ਦੱਸਿਆ ਕਿ ਰਜਵਾਹੇ ਦੀ ਫ਼ਸਲ ਕਾਰਨ ਕਰੀਬ 100 ਏਕੜ ਫ਼ਸਲ ਤਬਾਹ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦਾ ਤੁਰੰਤ ਐਲਾਨ ਕੀਤਾ ਜਾਵੇ।
ਨਹਿਰੀ ਵਿਭਾਗ ਦੇ ਐਸ.ਡੀ.ਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਾੜ ਪੈਣ ਦੀ ਸੂਚਨਾ ਮਿਲਦਿਆਂ ਹੀ ਉਹ ਘਟਨਾ ਵਾਲੀ ਥਾਂ ਤੇ ਪਹੁੰਚੇ ਹਨ। ਉਹਨਾਂ ਨੇ ਦਾਅਵਾ ਕੀਤਾ ਕਿ ਜਲਦ ਹੀ ਮਿੱਟੀ ਪਾਕੇ ਪਾੜ ਨੂੰ ਪੂਰ ਲਿਆ ਜਾਵੇਗਾ।