International :
ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਕੈਨੇਡਾ ਦਾ ਇਹ ਫੈਸਲਾ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਨੂੰ ਅਸਰਅੰਦਾਜ਼ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਕਸ ਉਤੇ ਪੋਸਟ ਵਿਚ ਕਿਹਾ, ‘ਅਸੀਂ ਇਸ ਸਾਲ 35 ਫੀਸਦ ਘੱਟ ਕੌਮਾਂਤਰੀ ਵਿਦਿਆਰਥੀ ਪਰਮਿਟ ਦਿੱਤੇ ਹਨ। ਅਗਲੇ ਸਾਲ ਅਸੀਂ ਇਨ੍ਹਾਂ ਦੀ ਗਿਣਤੀ ਵਿਚ 10 ਫੀਸਦ ਹੋਰ ਕਟੌਤੀ ਕਰਾਂਗੇ।
ਇਮੀਗ੍ਰੇਸ਼ਨ ਸਾਡੇ ਅਰਥਚਾਰੇ ਲਈ ਵਾਧਾ ਹੈ ਪਰ ਜਦੋਂ ਮਾੜੇ ਅਨਸਰ ਕਿਸੇ ਪ੍ਰਬੰਧ ਦੀ ਦੁਰਵਰਤੋਂ ਕਰਦੇ ਹਨ ਤੇ ਵਿਦਿਆਰਥੀਆਂ ਦਾ ਲਾਹਾ ਲੈਂਦੇ ਹਨ, ਅਸੀਂ ਇਸ ਨੂੰ ਰੋਕਦੇ ਹਾਂ।’
ਟਰੂਡੋ ਸਰਕਾਰ ਨੇ ਇਹ ਕਦਮ ਅਜਿਹੇ ਮੌਕੇ ਚੁੱਕਿਆ ਹੈ, ਜਦੋਂ ਕੈਨੇਡੀਅਨ ਸਰਕਾਰ ਅਸਥਾਈ ਰੈਜ਼ੀਡੈਂਟਜ਼ ਦੀ ਗਿਣਤੀ ਘਟਾਉਣ ਬਾਰੇ ਵਿਚਾਰ ਕਰ ਰਹੀ ਹੈ। ਕੈਨੇਡਾ ਭਾਰਤੀ ਵਿਦਿਆਰਥੀਆਂ ਦਾ ਸਭ ਤੋਂ ਪਸੰਦੀਦਾ ਟਿਕਾਣਾ ਹੈ।
ਭਾਰਤ ਵਿਦੇਸ਼ੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਹੈ ਤੇ ਅੰਦਾਜ਼ੇ ਮੁਤਾਬਕ ਕੈਨੇਡਾ ਵਿਚ ਇਸ ਵੇਲੇ 4.27 ਲੱਖ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।
ਕੈਨੇਡਾ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਵੀ ਘਟਾ ਰਿਹਾ ਹੈ। ਟਰੂਡੋ ਨੇ ਕਿਹਾ ਕਿ ਵਿਦੇਸ਼ੀ ਕਾਮਿਆਂ ਲਈ ਕੰਮ ਕਰਨ ਦੀ ਮਿਆਦ ਘਟਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਹੁਣ ਲੇਬਰ ਮਾਰਕਿਟ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਬਿਜ਼ਨੈੱਸ ਦੀ ਲੋੜ ਹੈ, ਜੋ ਕੈਨੇਡੀਅਨ ਕਾਮਿਆਂ ‘ਚ ਨਿਵੇਸ਼ ਕਰੇ।