You are currently viewing ਗੱਦਿਆਂ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ, ਤਿੰਨ ਮਜ਼ਦੂਰਾਂ ਦੀ ਹੋਈ ਮੌਤ..

ਗੱਦਿਆਂ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ, ਤਿੰਨ ਮਜ਼ਦੂਰਾਂ ਦੀ ਹੋਈ ਮੌਤ..

Bathinda : ਬਠਿੰਡਾ ਦੇ ਡੱਬਵਾਲੀ ਰੋਡ ’ਤੇ ਪਿੰਡ ਗਹਿਰੀ ਬੁੱਟਰ ਵਿਖੇ ਗੱਦੇ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਮੌਕੇ ਤੋਂ ਬਠਿੰਡਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਿਆ, ਪਰ ਅੱਗ ਇੰਨੀ ਭਿਆਨਕ ਸੀ ਕਿ ਉਹ ਤੇਜੀ ਨਾਲ ਫੈਲ ਰਹੀ ਸੀ ਅਤੇ ਅੱਗ ਦੇ ਸੇਕ ਕਾਰਨ ਫੈਕਟਰੀ ਦਾ ਸ਼ੈੱਡ ਡਿੱਗ ਗਿਆ। ਹਾਲਾਤ ਬੇਕਾਬੂ ਹੁੰਦੇ ਵੇਖ ਜ਼ਿਲ੍ਹਾ ਪ੍ਰਸ਼ਾਸਨ ਮੌਕੇ ’ਤੇ ਪਹੁੰਚਿਆ ਤੇ ਅੱਗ ਉੱਤੇ ਕਾਬੂ ਪਾਉਣ ਲਈ ਹਰਿਆਣਾ ਦੇ ਡੱਬਵਾਲੀ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ।

ਗੱਦਿਆਂ ਦੀ ਫੈਕਟਰੀ

ਤਿੰਨ ਮਜ਼ਦੂਰਾਂ ਦੀ ਹੋਈ ਮੌਤ

ਕਿਸੇ ਅਣਸਖਾਵੀ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਵੱਖ-ਵੱਖ ਥਾਣਿਆਂ ਤੋਂ ਪੁਲਿਸ ਬਲ ਤੈਨਾਤ ਕੀਤਾ ਗਿਆ, ਪਰ ਇਸ ਭਿਆਨਕ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਫੈਕਟਰੀ ਵਿੱਚ ਹੀ ਕੰਮ ਕਰਨ ਵਾਲੇ ਬਲਕਾਰ ਸਿੰਘ ਨੇ ਦੱਸਿਆ ਕਿ ਉਹ 5 ਜਾਣੇ ਰੈਂਪ ਲਗਾ ਰਹੇ ਸਨ ਇਸ ਦੌਰਾਨ ਹੀ ਭਿਆਨਕ ਅੱਗ ਲੱਗ ਗਈ ਅਤੇ ਉਹ 2 ਜਾਣੇ ਫੈਕਟਰੀ ਵਿੱਚੋਂ ਭੱਜ ਕੇ ਬਾਹਰ ਆ ਗਏ ਜਦੋਂ ਕਿ ਉਹਨਾਂ ਦੇ ਤਿੰਨ ਸਾਥੀ ਲਖਵੀਰ ਸਿੰਘ, ਨਿੰਦਰ ਸਿੰਘ ਅਤੇ ਵਿਜੇ ਸਿੰਘ ਦਾ ਕੋਈ ਪਤਾ ਨਹੀਂ ਚੱਲਿਆ। ਅੱਗ ਇਨੀ ਤੇਜ਼ੀ ਨਾਲ ਫੈਲੀ ਕਿ ਉਸਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਉਧਰ ਅੱਗ ਦੀ ਘਟਨਾ ਦਾ ਪਤਾ ਚਲਦੇ ਹੀ ਮੌਕੇ ’ਤੇ ਪਹੁੰਚੇ ਏਡੀਸੀ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਨਾਲ-ਨਾਲ ਹੋਰ ਜ਼ਿਲ੍ਹਿਆਂ ਤੋਂ ਵੀ ਫਾਇਰ ਟੈਂਡਰ ਮੰਗਵਾਏ ਗਏ ਸਨ। ਫਿਲਹਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ, ਪਰੰਤੂ ਇਸ ਘਟਨਾ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਅੱਗ ਕਿਸ ਤਰ੍ਹਾਂ ਲੱਗੀ। ਉਹਨਾਂ ਦੱਸਿਆ ਕਿ ਉਹ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ।