Sunam Road Accident: ਸੰਗਰੂਰ ਦੇ ਸੁਨਾਮ ‘ਚ ਵੱਡਾ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਤੋਂ ਸੁਨਾਮ ਜਾ ਰਹੇ ਮਾਲ ਨਾਲ ਭਰੇ ਇੱਕ ਟੈਂਪੂ ਨੇ ਸੜਕ ਕਿਨਾਰੇ ਕੰਮ ਕਰਦੇ ਮਨਰੇਗਾ ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ ਇਕ ਔਰਤ ਸਮੇਤ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਗੁੱਸੇ ‘ਚ ਆਏ ਲੋਕਾਂ ਨੇ ਪਟਿਆਲਾ ਰੋਡ ‘ਤੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ। ਹਾਦਸੇ ਵਿੱਚ ਮਰਨ ਵਾਲੇ ਲੋਕ ਨੇੜਲੇ ਪਿੰਡ ਬਿਸਨਪੁਰਾ ਵਿੱਚ ਰਹਿੰਦੇ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ।
ਹਾਦਸੇ ਬਾਰੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਟੈਂਪੂ ਪਟਿਆਲਾ ਤੋਂ ਆ ਰਿਹਾ ਸੀ। ਇੱਥੇ ਕੁਝ ਮਜ਼ਦੂਰ ਕੰਮ ਕਰ ਰਹੇ ਸਨ। ਦੁਪਹਿਰ ਸਮੇਂ ਉਹ ਖਾਣਾ ਖਾਣ ਲਈ ਸੜਕ ਕਿਨਾਰੇ ਬੈਠੇ ਸਨ ਪਰ ਅਚਾਨਕ ਇੱਕ ਵਾਹਨ ਆ ਗਿਆ ਅਤੇ ਡਰਾਈਵਰ ਨੇ ਇਨ੍ਹਾਂ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਉੱਥੇ ਕੰਮ ਕਰਦੇ ਲੋਕਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹ ਵੀ ਇੱਥੇ ਕੰਮ ਕਰਦੇ ਸਨ ਪਰ ਕਿਸੇ ਕਾਰਨ ਉਨ੍ਹਾਂ ਨੂੰ ਇੱਥੋਂ ਜਾਣਾ ਪਿਆ। ਪਰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਸ ਥਾਂ ‘ਤੇ ਹਾਦਸਾ ਹੋ ਗਿਆ ਸੀ।
ਸੜਕ ਕਿਨਾਰੇ ਕਰ ਰਹੇ ਸਨ ਮਜ਼ਦੂਰੀ
ਬਿਸ਼ਨਪੁਰਾ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸਾਰੇ ਲੋਕ ਉਸ ਦੇ ਪਿੰਡ ਦੇ ਹਨ ਅਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਇੱਥੇ ਅਸੀਂ ਮਨਰੇਗਾ ਤਹਿਤ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਟੈਂਪੂ ਡਰਾਈਵਰ ਨੂੰ ਕੁੱਝ ਲੋਕਾਂ ਨੇ ਰੋਕ ਲਿਆ ਹੈ ਅਤੇ ਪੁਲਿਸ ਤੋਂ ਕਾਰਵਾਈ ਕਰਨੇ ਦੀ ਮੰਗ ਕਰ ਰਹੇ ਹਾਂ। ਇਸ ਬਾਬਤ ਉਨ੍ਹਾਂ ਨੇ ਰੋਡ ਵੀ ਜਾਮ ਕੀਤਾ ਹੈ।
ਮੌਕੇ ‘ਤੇ ਪਹੁੰਚੀ ਪੁਲਿਸ
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਦੇ ਜਾਂਚ ਅਧਿਕਾਰੀ ਪ੍ਰਤੀਕ ਜਿੰਦਲ ਨੇ ਦੱਸਿਆ ਹੈ ਕਿ ਇਸ ਮਾਮਲੇ ‘ਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ ਇੱਕ ਔਰਤ ਵੀ ਸ਼ਾਮਲ ਹੈ। ਹਾਦਸੇ ਤੋਂ ਬਾਅਦ ਟੈਂਪੂ ਚਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਟੈਂਪੂ ਅਜੇ ਪੁਲਿਸ ਦੀ ਹਿਰਾਸਤ ‘ਚ ਹੈ।