You are currently viewing ਸ਼ਰਾਬ ਦੇ ਸ਼ੌਕੀਨਾਂ ਲਈ ਖੁਸ਼ਖਬਰੀ: ਹੁਣ ਪੀ ਸਕੋਗੇ ਮਨਚਾਹੇ ਬ੍ਰਾਂਡ ਦੀ ਸ਼ਰਾਬ, ਸਰਕਾਰ ਨੇ ਲਾਗੂ ਕੀਤੀ ਨਵੀਂ ਪ੍ਰਣਾਲੀ..

ਸ਼ਰਾਬ ਦੇ ਸ਼ੌਕੀਨਾਂ ਲਈ ਖੁਸ਼ਖਬਰੀ: ਹੁਣ ਪੀ ਸਕੋਗੇ ਮਨਚਾਹੇ ਬ੍ਰਾਂਡ ਦੀ ਸ਼ਰਾਬ, ਸਰਕਾਰ ਨੇ ਲਾਗੂ ਕੀਤੀ ਨਵੀਂ ਪ੍ਰਣਾਲੀ..

 ਛੱਤੀਸਗੜ੍ਹ  ‘ਚ ਸ਼ਰਾਬ ਦੇ ਸ਼ੌਕੀਨਾਂ ਲਈ ਖੁਸ਼ਖ਼ਬਰੀ ਹੈ। ਹੁਣ ਛੱਤੀਸਗੜ੍ਹ ਵਿਚ ਹਰ ਤਰ੍ਹਾਂ ਦੇ ਬ੍ਰਾਂਡ ਦੀ ਸ਼ਰਾਬ ਉਪਲਬਧ ਹੋਵੇਗੀ। ਦਰਅਸਲ ਪਿਛਲੇ 5 ਸਾਲਾਂ ਤੋਂ ਛੱਤੀਸਗੜ੍ਹ ਵਿਚ ਸ਼ਰਾਬ ਬ੍ਰਾਂਡ ਦੀ ਸਮੱਸਿਆ ਬਣੀ ਹੋਈ ਸੀ। ਵਿਸਕੀ (Whiskey) ਤੇ ਬੀਅਰ (Beer) ਦੀ ਚੋਣ ਵਿਚ ਬ੍ਰਾਂਡ ਵਿਕਲਪਾਂ ਦੀ ਘਾਟ ਸੀ। ਕਈ ਤਰ੍ਹਾਂ ਦੇ ਦਾਰੂ ਦੇ ਬ੍ਰਾਂਡ ਮਿਲਦੇ ਹੀ ਨਹੀਂ ਸਨ। ਸਥਾਨਕ ਵਾਈਨ ਕੁਝ ਹੱਦ ਤੱਕ ਉਪਲਬਧ ਸੀ, ਪਰ ਇਸਦੀ ਗੁਣਵੱਤਾ ਮਾੜੀ ਸੀ। ਜਿਸ ਕਾਰਨ ਲੋਕਾਂ ਨੂੰ ਚੰਗੀ ਸ਼ਰਾਬ ਖਰੀਦਣ ਵਿਚ ਸਮੱਸਿਆ ਆਉਂਦੀ ਸੀ।

ਸ਼ਰਾਬ ਦੇ ਸ਼ੌਕੀਨਾਂ

ਇਸ ਤੋਂ ਇਲਾਵਾ ਦੂਜੇ ਰਾਜਾਂ ਤੋਂ ਮੰਗਵਾਉਣ ਕਾਰਨ ਦਾਰੂ ਦੀ ਕੀਮਤ 30 ਤੋਂ 40 ਫੀਸਦੀ ਵੱਧ ਸੀ। ਅਮੀਰ ਲੋਕ ਅਕਸਰ ਨਾਗਪੁਰ ਜਾਂ ਮੱਧ ਪ੍ਰਦੇਸ਼ ਦੇ ਸਰਹੱਦੀ ਕਸਬਿਆਂ ਤੋਂ ਆਪਣੇ ਮਨਪਸੰਦ ਬ੍ਰਾਂਡ ਖਰੀਦਦੇ ਸਨ, ਜਦੋਂ ਕਿ ਮੱਧ ਅਤੇ ਹੇਠਲੇ ਵਰਗ ਦੇ ਲੋਕਾਂ ਨੂੰ ਝਿਜਕਦੇ ਹੋਏ ਸਥਾਨਕ ਸਪਲਾਈ ‘ਤੇ ਨਿਰਭਰ ਹੋਣਾ ਪੈਂਦਾ ਸੀ।

ਛੱਤੀਸਗੜ੍ਹ ਵਿਚ ਇਹ ਸਥਿਤੀ ਪਿਛਲੀ ਸਰਕਾਰ ਦੁਆਰਾ ਨਿਯਮਾਂ ਵਿਚ ਤਬਦੀਲੀ ਕਰਨ ਕਰਕੇ ਪੈਦਾ ਹੋਈ। ਸਰਕਾਰ ਦੁਆਰਾ FL-10 ਪ੍ਰਣਾਲੀ ਲਾਗੂ ਕੀਤੀ ਗਈ ਸੀ, ਜਿਸ ਨੇ ਸ਼ਰਾਬ ਦੀ ਖਰੀਦ ਨੂੰ ਲਾਇਸੰਸਸ਼ੁਦਾ ਵਿਚੋਲਗੀ ਪ੍ਰਣਾਲੀ ਵਿਚ ਤਬਦੀਲ ਕਰ ਦਿੱਤਾ ਸੀ। ਇਹ ਵਿਚੋਲੇ ਸਿਰਫ਼ ਉਹੀ ਉਤਪਾਦ ਸਪਲਾਈ ਕਰਦੇ ਸਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਲੋੜੀਂਦਾ ਕਮਿਸ਼ਨ ਮਿਲਦਾ ਸੀ। ਵਰਤਮਾਨ ਵਿਚ, ਵਿਦੇਸ਼ੀ ਕੰਪਨੀਆਂ ਅਜੇ ਵੀ ਸ਼ਰਾਬ ਦੀ ਮਾਰਕੀਟ ਵਿੱਚ ਹਾਵੀ ਹਨ, ਅਤੇ ਖਪਤਕਾਰਾਂ ਦੀ ਮੰਗ ਇਹਨਾਂ ਬ੍ਰਾਂਡਾਂ ਵੱਲ ਕੇਂਦਰਿਤ ਹੈ, ਜੋ ਕਿ ਵਿਚੋਲਿਆਂ ਨੂੰ ਕਮਿਸ਼ਨ ਨਹੀਂ ਦਿੰਦੇ ਹਨ। ਜਿਸ ਕਾਰਨ ਛੱਤੀਸਗੜ੍ਹ ਦਾਰੂ ਸੰਬੰਧੀ ਇਹ ਸਮੱਸਿਆ ਪੈਦਾ ਹੋ ਗਈ।

ਛੱਤੀਸਗੜ੍ਹ ਦੇ ਲੋਕਾਂ ਨੂੰ ਗਰਮੀਆਂ ਦੇ ਵਿਚ ਬੁਡਵਾਈਜ਼ਰ ਅਤੇ ਕਾਰਲਸਬਰਗ ਵਰਗੀਆਂ ਗੁਣਵੱਤਾ ਵਾਲੀਆਂ ਬੀਅਰਾਂ ਪ੍ਰਾਪਤ ਕਰਨ ਵਿਚ ਮੁਸ਼ਕਿਲ ਆਈ। ਕੁਝ ਬ੍ਰਾਂਡ ਛੱਤੀਸਗੜ੍ਹ ਦੀਆਂ ਵੱਡੀਆਂ ਬੀਅਰ ਬਾਰਾਂ ਵਿੱਚ ਉਪਲਬਧ ਸਨ,ਪਰ ਉਹ ਸਰਕਾਰੀ ਸਟੋਰਾਂ ਤੋਂ ਗਾਇਬ ਸਨ। ਸਰਕਾਰੀ ਸਟੋਰਾਂ ਉੱਤੇ ਸਥਾਨਕ ਬ੍ਰਾਂਡ ਸਿੰਬਾ ਦੀ ਬੀਅਰ ਹੀ ਉਪਲਬਧ ਸੀ। ਬੀਅਰ ਪੀਣ ਦੇ ਚਾਹਵਾਨਾਂ ਨੂੰ ਜਾਂ ਤਾਂ ਸਿੰਬਾ ਹੀ ਪੀਣੀ ਪੈਂਦੀ ਸੀ ਜਾਂ ਫਿਰ ਨਾਗਪੁਰ ਤੋਂ ਡਿਲੀਵਰੀ ਦਾ ਪ੍ਰਬੰਧ ਕਰਨਾ ਪੈਂਦਾ ਸੀ।

ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਦੋ ਮਹੀਨੇ ਪਹਿਲਾਂ ਜੁਲਾਈ ਵਿਚ ਲਾਇਸੈਂਸ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਗਿਆ ਸੀ ਅਤੇ ਪੁਰਾਣੀ ਪ੍ਰਣਾਲੀ ਨੂੰ ਬਹਾਲ ਕਰ ਦਿੱਤਾ ਗਿਆ ਸੀ। ਇਸ ਪ੍ਰਬੰਧ ਤਹਿਤ ਬੇਵਰੇਜ ਕਾਰਪੋਰੇਸ਼ਨ ਨੇ ਸ਼ਰਾਬ ਦੀ ਖਰੀਦ ਸ਼ੁਰੂ ਕਰ ਦਿੱਤੀ ਸੀ। ਸਰਕਾਰ ਨੇ ਬੇਵਰੇਜ ਕਾਰਪੋਰੇਸ਼ਨ ਦੀ ਅਗਵਾਈ ਕਰਨ ਲਈ ਬਸਤਰ ਕਮਿਸ਼ਨਰ ਦੇ ਅਹੁਦੇ ਤੋਂ ਵਾਪਸ ਬੁਲਾ ਕੇ ਆਈਏਐਸ ਅਧਿਕਾਰੀ ਸ਼ਿਆਮ ਧਾਵੜੇ ਦੀ ਨਿਯੁਕਤੀ ਕੀਤੀ ਸੀ।

ਆਈਏਐਸ ਅਧਿਕਾਰੀ ਸ਼ਿਆਮ ਧਾਵੜੇ ਨੇ ਕਿਹਾ ਕਿ ਹੁਣ ਛੱਤੀਸਗੜ੍ਹ ਵਿਚ ਬ੍ਰਾਂਡ ਦੀ ਉਪਲਬਧਤਾ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੋਵੇਗੀ। ਉਨ੍ਹਾਂ ਅਨੁਸਾਰ ਹੁਣ ਤੱਕ 34 ਸ਼ਰਾਬ ਕੰਪਨੀਆਂ ਨਾਲ ਸਮਝੌਤੇ ਕੀਤੇ ਜਾ ਚੁੱਕੇ ਹਨ ਅਤੇ ਪ੍ਰੀਮੀਅਮ ਬ੍ਰਾਂਡਾਂ ਦੇ 20 ਲੱਖ ਪੇਟੀਆਂ ਦੇ ਆਰਡਰ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ 10 ਤੋਂ 15 ਸਤੰਬਰ ਤੱਕ ਛੱਤੀਸਗੜ੍ਹ ਦੀਆਂ ਸਾਰੀਆਂ ਦੁਕਾਨਾਂ ‘ਤੇ ਵੱਖ ਵੱਖ ਬ੍ਰਾਂਡ ਦੀ ਸ਼ਰਾਬ ਉਪਲਬਧ ਹੋਵੇਗੀ।