Phagwara News :
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ ਬੈਠਕ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਕੈਬਿਨੇਟ ਵੱਲੋਂ ਲਏ ਗਏ ਫੈਸਲਿਆਂ ਬਾਰੇ ਦੱਸਿਆ ਗਿਆ।
ਮੀਟਿੰਗ ਵਿੱਚ ਪੰਚਾਇਤੀ ਰਾਜ ਐਕਟ 1994 ‘ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੋਧ ਤਹਿਤ ਪੰਚਾਇਤੀ ਚੋਣਾਂ ਪਾਰਟੀ ਸਿੰਬਲ ‘ਤੇ ਨਹੀਂ ਲੜੀਆਂ ਜਾ ਸਕਣਗੀਆਂ। ਉਮੀਦਵਾਰ ਸੋਧ ਤਹਿਤ ਪੰਚਾਇਤੀ ਚੋਣਾਂ ’ਚ ਪਾਰਟੀ ਸਿੰਬਲ ‘ਤੇ ਨਹੀਂ ਲੜ ਸਕਣਗੇ। ਇਸ ਦੀ ਵਜ੍ਹਾ ਇਹ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਪਿੰਡਾਂ ਵਿੱਚ ਲੜਾਈ ਝਗੜੇ ਕਾਫੀ ਵੱਡੇ ਪੱਧਰ ‘ਤੇ ਵੇਖਣ ਨੂੰ ਮਿਲਦੇ ਹਨ। ਜਿਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
ਇਸ ਤੋਂ ਇਲਾਵਾ PCS ਅਧਿਕਾਰੀਆਂ ਦੀਆਂ ਪੋਸਟਾਂ ਵਧਾ ਦਿੱਤੀਆਂ ਗਈਆਂ ਹਨ। ਸੂਬੇ ਵਿੱਚ PCS ਅਧਿਕਾਰੀਆਂ ਦੇ 59 ਨਵੇਂ ਅਹੁਦਿਆਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਪਹਿਲਾਂ ਇਨ੍ਹਾਂ ਪੋਸਟਾਂ ਦੀ ਗਿਣਤੀ 310 ਸੀ, ਹੁਣ ਇਨ੍ਹਾਂ ਨੂੰ ਵਧਾ ਕੇ 369 ਕਰ ਦਿੱਤਾ ਗਿਆ ਹੈ।