Phagwara News : ਫਗਵਾੜਾ, 24 ਅਗਸਤ (ਸ਼ਰਨਜੀਤ ਸਿੰਘ ਸੋਨੀ ) ਡਿਵਾਈਨ ਪਬਲਿਕ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤਿਉਹਾਰ ਸਕੂਲ ਪ੍ਰਿੰਸੀਪਲ ਰੇਣੂ ਠਾਕੁਰ ਦੀ ਪ੍ਰਧਾਨਗੀ ਹੇਠ ਅਤੇ ਸਮੂਹ ਸਕੂਲ ਸਟਾਫ ਦੀ ਦੇਖ ਰੇਖ ਹੇਠ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਜੀ ਦੀਆਂ ਪੁਸ਼ਾਕਾਂ ਵਿੱਚ ਸਜੇ ਹੋਏ ਸਕੂਲ ਪਹੁੰਚੇ ਕਿੰਡਰਗਾਰਟਨ ਦੇ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਖਿੱਚ ਦਾ ਕੇਂਦਰ ਰਹੇ। ਸਮਾਗਮ ਵਿੱਚ ਬਾਕੀ ਜਮਾਤਾਂ ਦੇ ਵਿਦਿਆਰਥੀਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਦੀਆਂ ਲੀਲਾਵਾਂ ’ਤੇ ਆਧਾਰਿਤ ਡਾਂਸ, ਭਜਨ, ਕਵਿਤਾਵਾਂ ਅਤੇ ਭਾਸ਼ਣਾਂ ਦੀਆਂ ਖ਼ੂਬਸੂਰਤ ਪੇਸ਼ਕਾਰੀਆਂ ਦੇ ਕੇ ਖੂਬ ਵਾਹ-ਵਾਹ ਖੱਟੀ। ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਦਹੀਂ-ਹਾਂਡੀ ਤੋੜਨ ਦਾ ਸੁੰਦਰ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਆਏ ਸਕੂਲ ਦੇ ਚੇਅਰਮੈਨ ਪੰਕਜ ਕਪੂਰ ਨੇ ਸਾਰਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਪ੍ਰਿੰਸੀਪਲ ਰੇਣੂ ਠਾਕੁਰ ਨੇ ਵਿਦਿਆਰਥੀਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ। ਬੱਚਿਆਂ ਨੂੰ ਟੌਫੀਆਂ, ਚਾਕਲੇਟਾਂ ਅਤੇ ਮਿਸ਼ਰੀ ਦਾ ਪ੍ਰਸ਼ਾਦ ਵੀ ਵੰਡਿਆ ਗਿਆ।