You are currently viewing Phagwara News : ਡਾਕਟਰ ਲੜਕੀ ਦੇ ਬਲਾਤਕਾਰ ਤੇ ਕਤਲ ਸਮੇਤ ਸਮੁੱਚੇ ਬਲਾਤਕਾਰਾਂ ਲਈ ਰਾਜਨੀਤਿਕ ਪ੍ਰਬੰਧ ਜਿੰਮੇਵਾਰ – ਤਰਕਸ਼ੀਲ ਸੁਸਾਇਟੀ

Phagwara News : ਡਾਕਟਰ ਲੜਕੀ ਦੇ ਬਲਾਤਕਾਰ ਤੇ ਕਤਲ ਸਮੇਤ ਸਮੁੱਚੇ ਬਲਾਤਕਾਰਾਂ ਲਈ ਰਾਜਨੀਤਿਕ ਪ੍ਰਬੰਧ ਜਿੰਮੇਵਾਰ – ਤਰਕਸ਼ੀਲ ਸੁਸਾਇਟੀ

 Phagwara News : ਫਗਵਾੜਾ 21 ਅਗਸਤ ( ਅੰਜਲੀ  ਸ਼ਿਮਰ ) ਤਰਕਸ਼ੀਲ ਸੁਸਾਇਟੀ ਪੰਜਾਬ ਰਜਿ. ਇਕਾਈ ਫਗਵਾੜਾ ਦੀ ਮੀਟਿੰਗ ਇਕਾਈ ਮੁਖੀ ਬਲਵਿੰਦਰ ਪ੍ਰੀਤ ਦੀ ਪ੍ਰਧਾਨਗੀ ਚ ਰੈਸਟ ਹਾਊਸ ਫਗਵਾੜਾ ਵਿਖੇ ਹੋਈ ।

ਮੀਟਿੰਗ ਚ ਹਾਜਰ ਸਾਥੀਆਂ ਨੇ ਪੱਛਮੀ ਬੰਗਾਲ ਵਿੱਚ ਡਾਕਟਰ ਲੜਕੀ ਦੇ ਗੈਂਗਰੇਪ ਅਤੇ ਬੇਰਹਿਮੀ ਨਾਲ ਕੀਤੇ ਕਤਲ ਦੀ ਪੁਰਜੋਰ ਨਿੰਦਾ ਕੀਤੀ ਅਤੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ ਗਈ । ਸਾਥੀਆਂ ਕਿਹਾ ਕਿ ਦੇਸ਼ ਅੰਦਰ ਕੰਮ ਕਾਰ ਕਰਦੀਆਂ ਧੀਆਂ ਭੈਣਾਂ ਦੀ ਕੋਈ ਸੁਰੱਖਿਆ ਨਹੀਂ ਅਤੇ ਕਈ ਮਰਦ, ਮਾਨਸਿਕ ਵਿਕਾਰਾਂ ਦੇ ਸ਼ਿਕਾਰ ਹੋਣ ਕਾਰਨ ਅਤੇ ਰਾਜਨੀਤਿਕਾਂ ਤੇ ਗੁੰਡਿਆਂ ਦੀ ਸ਼ਤਰ ਛਾਇਆ ਤਹਿਤ ਇਹ ਘਿਨਾਉਣੇ ਅਪਰਾਧ ਕਰ ਰਹੇ ਹਨ ।

ਦੇਸ਼ ਅੰਦਰ ਕਿਰਤੀ ਮਰਦ – ਔਰਤਾਂ ਦੇ ਮਾਣ ਸਨਮਾਨ , ਬਰਾਬਰਤਾ  ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਤਾਰ ਤਾਰ ਕੀਤਾ ਜਾ ਰਿਹਾ ਹੈ । ਦੇਸ਼ ਵਿੱਚ ਹਾਕਮ ਵਰਗ ਵਲੋਂ ਕਾਰਪੋਰੇਟਾਂ ਤੇ ਸਰਮਾਏਦਾਰ ਵਰਗ ਦੇ ਹਿਤਾਂ ਨੂੰ ਲੈ ਕੇ ਨੀਤੀਆਂ ਘੜੀਆਂ ਜਾ ਰਹੀਆਂ ਹਨ । ਹਾਕਮ ਵਰਗ ਦੀ ਨੀਤੀਆਂ ਤੇ ਵਿਹਾਰ ਮਾਨਸਿਕ ਵਿਕਾਰ ਪੈਦਾ ਕਰਨ ਦਾ ਕਾਰਨ ਬਣ ਰਹੇ ਹਨ । ਦੇਸ਼ ਅੰਦਰ ਇਨਸਾਨੀਅਤ ਤੇ ਵਿਗਿਆਨਿਕ ਵਿਚਾਰਾਂ ਦੀ ਬਜਾਏ ਅੰਧਵਿਸ਼ਵਾਸ਼ੀ ਤੇ ਗੈਰ ਵਿਗਿਆਨਿਕ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ ।

ਆਗੂ ਸਾਥੀਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਸਤਾ ਦੀ ਛਾਤਰ ਛਾਇਆ ਚ ਫੈਲਾਏ ਜਾ ਰਹੇ ਧਾਰਮਿਕ ਅੰਧਵਿਸ਼ਵਾਸ਼ ਤੇ ਗੈਰ ਵਿਗਿਆਨਿਕ ਵਿਚਾਰਾਂ ਨੂੰ ਛੱਡੋ ਅਤੇ ਜਾਤ ਧਰਮ ਤੋਂ ਮੁਕਤ ਹੋ ਕੇ ਇਕ ਦੂਸਰੇ ਨਾਲ ਇਨਸਾਨੀਅਤ ਤੇ ਬਰਾਬਰਤਾ ਦਾ ਵਿਹਾਰ ਕਰੋ। ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ , ਸੁਖਦੇਵ ਸਿੰਘ , ਸੁਰਿੰਦਰਪਾਲ ਪੱਦੀ ਜਗੀਰ , ਕੁਲਵੰਤ ਸਿੰਘ ਬਾਸੀ , ਪ੍ਰੋਫਸਰ ਜਸਕਰਨ ਸਿੰਘ , ਪ੍ਰਿੰਸੀਪਲ ਕੇਵਲ ਸਿੰਘ, ਅਵਿਨਾਸ਼ ਹਰਦਾਸਪੁਰ, ਰੁਪਿੰਦਰਪਾਲ ਸਿੰਘ  ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਜਾਰੀ ਕਰਤਾ- ਸੁਰਿੰਦਰਪਾਲ ਵਿੱਤ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਫਗਵਾੜਾ