ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੀਆਂ ਮਹਿਲਾਵਾਂ ਨੂੰ ਰੱਖੜੀ ਦੇ ਤੋਹਫੇ ਵਜੋਂ ਨਿਯੁਕਤੀ ਪੱਤਰ ਦਿੱਤੇ। ਤੋਹਫ਼ਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਬਰਨਾਲਾ ਸ਼ਹਿਰ ਪਹੁੰਚੇ। ਇਹ ਪ੍ਰੋਗਰਾਮ ਬਰਨਾਲਾ ਵਿਖੇ ਵਿਸ਼ੇਸ਼ ਤੌਰ ‘ਤੇ ਆਯੋਜਿਤ ਕੀਤਾ ਗਿਆ ਹੈ। ਇਸ ਦੌਰਾਨ ਨਿਯੁਕਤੀ ਪੱਤਰ ਲੈਣ ਆਈ ਕੁੜੀ ਨੇ CM ਮਾਨ ਦੇ ਗੁੱਟ ‘ਤੇ ਰੱਖੜੀ ਬੰਨ੍ਹੀ ਅਤੇ ਕਿਹਾ ਕਿ “ਤੁਸੀਂ ਵੱਡੇ ਭਰਾ ਦਾ ਫਰਜ਼ ਨਿਭਾਇਆ, ਮੈਨੂੰ ਤੇ ਮੇਰੇ ਭਰਾ ਨੂੰ ਤੁਹਾਡੀ ਸਰਕਾਰ ‘ਚ ਸਰਕਾਰੀ ਨੌਕਰੀ ਮਿਲੀ ਹੈ।”
CM ਮਾਨ ਨੇ ਨਿਯੁਕਤੀ ਪੱਤਰ ਦਿੰਦੇ ਹੋਏ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪੰਜਾਬ ਫਾਇਰ ਬ੍ਰਿਗੇਡ ਵਿੱਚ ਲੜਕੀਆਂ ਦੀ ਭਰਤੀ ਕੀਤੀ ਜਾਵੇਗੀ। ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ। ਇਸ ਸਬੰਧੀ ਆਉਣ ਵਾਲੀਆਂ ਵਿਧਾਨ ਸਭਾ ਸੈਸ਼ਨ ‘ਚ ਬਿੱਲ ਪਾਸ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਾਨਸੂਨ ਸੈਸ਼ਨ ‘ਚ ਆਂਗਣਵਾੜੀ ਦੀਆਂ 3000 ਅਸਾਮੀਆਂ ਭਰਨ ਦੀ ਵੀ ਮਨਜ਼ੂਰੀ ਦਿੱਤੀ ਜਾਵੇਗੀ। ਇਹ ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਲਈ ਰੱਖੜੀ ਦਾ ਵੱਡਾ ਤੋਹਫ਼ਾ ਹੈ।
ਜਾਣਕਾਰੀ ਅਨੁਸਾਰ ਇਹ ਪ੍ਰੋਗਰਾਮ ਬਰਨਾਲਾ ਦੇ ਮੈਰੀਲੈਂਡ ਰਿਜ਼ੋਰਟ ਵਿਖੇ ਕਰਵਾਇਆ ਗਿਆ ਹੈ। ਜਿੱਥੇ ਉਹ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਨਵ-ਨਿਯੁਕਤ ਮਹਿਲਾ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਪਹੁੰਚੇ ਸਨ। ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਅੱਜ ਸਵੇਰੇ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਹਿਲਾਂ ਨਾਲੋਂ ਵੱਧ ਸੀਟਾਂ ਭਰਨੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਵਿੱਚ ਹੁਣ ਉਲਟਾ ਪਰਵਾਸ ਸ਼ੁਰੂ ਹੋ ਗਿਆ ਹੈ। ਇਹ ਤਬਦੀਲੀ ਦੀ ਨਿਸ਼ਾਨੀ ਹੈ।
ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਸਥਿਤ ਮਿਉਂਸਪਲ ਭਵਨ ਵਿਖੇ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨਿਯੁਕਤੀ ਪੱਤਰ ਵੰਡੇ ਸਨ। ਸੀਐਮ ਮਾਨ ਨੇ ਦੱਸਿਆ ਸੀ ਕਿ ਮਾਨ ਸਰਕਾਰ ਨੇ ਹੁਣ ਤੱਕ ਪੰਜਾਬ ਵਿੱਚ 44,666 ਨਿਯੁਕਤੀ ਪੱਤਰ ਦਿੱਤੇ ਹਨ ਅਤੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।