You are currently viewing ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਸੋਮ ਪ੍ਰਕਾਸ਼ : ਵਿਧਾਇਕ ਧਾਲੀਵਾਲ * ਕਾਂਗਰਸ ਨੇ ਕੇਂਦਰੀ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਓ

ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਸੋਮ ਪ੍ਰਕਾਸ਼ : ਵਿਧਾਇਕ ਧਾਲੀਵਾਲ * ਕਾਂਗਰਸ ਨੇ ਕੇਂਦਰੀ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਓ

ਫਗਵਾੜਾ 16 ਫਰਵਰੀ ( ਸ਼ਰਨਜੀਤ ਸਿੰਘ ਸੋਨੀ ) ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਦੇ ਸੱਦੇ ਦੌਰਾਨ ਜਿਲ੍ਹਾ ਪ੍ਰਧਾਨ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਅਰਬਨ ਅਸਟੇਟ ਸਥਿਤ ਕੋਠੀ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਹਾਜ਼ਰ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੇ ਇਸ਼ਾਰੇ ਅਤੇ ਹਰਿਆਣਾ ਸਰਕਾਰ ਦੀਆਂ ਹਦਾਇਤਾਂ ’ਤੇ ਸ਼ੰਭੂ ਬੈਰੀਅਰ ਵਿਖੇ ਦਿੱਲੀ ਜਾਣ ਲਈ ਇਕੱਠੇ ਹੋਏ ਕਿਸਾਨਾਂ ਨਾਲ ਧੱਕੇਸ਼ਾਹੀ ਦੀ ਕਾਂਗਰਸ ਪਾਰਟੀ ਸਖ਼ਤ ਸ਼ਬਦਾਂ ‘ਚ ਨਖੇਦੀ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਨਰਿੰਦਰ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਦੁਖੀ ਹਨ। ਪਿਛਲੇ ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਨੇ ਗੁਰਪੁਰਬ ਦੇ ਪਵਿੱਤਰ ਦਿਨ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਦਿਆਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਕਿਸਾਨ ਅੱਜ ਤਾਂਈ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਕਾਨੂੰਨ, ਲਖੀਮਪੁਰ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ, ਕਰਜ਼ਾ ਮੁਆਫ਼ੀ ਅਤੇ ਕਿਸਾਨਾਂ ਖ਼ਿਲਾਫ਼ ਦਰਜ ਝੂਠੇ ਪੁਲੀਸ ਕੇਸ ਵਾਪਸ ਲੈਣ ਦੀ ਉਡੀਕ ਕਰ ਰਹੇ ਹਨ। ਮੋਦੀ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਮੀਟਿੰਗਾਂ ਦੇ ਨਾਂ ’ਤੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਕਰਵਾ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਲਟਕਾਉਣ ਦਾ ਮੌਕਾ ਮਿਲ ਸਕੇ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਜੇਕਰ ਅੰਬਾਨੀ, ਅਡਾਨੀ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਕਰਜ਼ੇ ਮੁਆਫ਼ ਕੀਤੇ ਜਾ ਸਕਦੇ ਹਨ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਵਿੱਚ ਕੀ ਇਤਰਾਜ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਭਰੋਸਾ ਦੁਆਇਆ ਹੈ ਕਿ ਜੇਕਰ ਲੋਕਸਭਾ ਚੋਣਾਂ ਤੋਂ ਬਾਅਦ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਕਿ ਐਮ.ਐਸ.ਪੀ. ਕਾਨੂੰਨ ਬਣਾਉਣ ਸਮੇਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ’ਤੇ ਪਹਿਲ ਦੇ ਆਧਾਰ ’ਤੇ ਫੈਸਲੇ ਲਏ ਜਾਣਗੇ। ਧਾਲੀਵਾਲ ਨੇ ਕਿਹਾ ਕਿ ਇੱਕ ਅਖਬਾਰ ਦੀ ਰਿਪੋਰਟ ਅਨੁਸਾਰ ਮੌਜੂਦਾ ਕਿਸਾਨ ਅੰਦੋਲਨ ਕਾਰਨ ਹਰ ਰੋਜ਼ 550 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਸਿਰ ਤਾਂ ਇੰਨਾ ਕਰਜ਼ਾ ਵੀ ਨਹੀਂ ਹੋਵੇਗਾ ਪਰ ਸਰਕਾਰ ਨੁਕਸਾਨ ਝੱਲ ਕੇ ਵੀ ਕਿਸਾਨਾਂ ਨੂੰ ਰਾਹਤ ਨਹੀਂ ਦੇਣਾ ਚਾਹੁੰਦੀ ਕਿਉਂਕਿ ਨਰਿੰਦਰ ਮੋਦੀ ਸਰਕਾਰ ਅਤੇ ਭਾਜਪਾ ਦੋਵੇਂ ਹੀ ਕਿਸਾਨ ਵਿਰੋਧੀ ਹਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪ੍ਰਧਾਨ ਮੰਤਰੀ ਨਾਲ ਤੁਰੰਤ ਗੱਲਬਾਤ ਕਰਨ ਦੀ ਮੰਗ ਵੀ ਪ੍ਰਮੁੱਖਤਾ ਨਾਲ ਰੱਖੀ। ਧਰਨਾਕਾਰੀਆਂ ਨੂੰ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਮਨਸੂ ਅਤੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਅਤੇ ਕਿਸਾਨਾਂ ਨਾਲ ਹਮਦਰਦੀ ਦੇ ਨਾਲ ਪੂਰਨ ਇਕਮੁੱਠਤਾ ਦਿਖਾਉਣ ਦੀ ਗੱਲ ਕਹੀ। ਇਸ ਮੌਕੇ ਬਲਾਕ ਪ੍ਰਧਾਨ ਫਗਵਾੜਾ ਸ਼ਹਿਰੀ ਤਰਨਜੀਤ ਸਿੰਘ ਬੰਟੀ ਵਾਲੀਆ, ਬਲਾਕ ਪ੍ਰਧਾਨ ਫਗਵਾੜਾ ਦਿਹਾਤੀ ਜਸਵੰਤ ਸਿੰਘ ਨੀਟਾ ਜਗਪਾਲਪੁਰ, ਦੀਪਕ ਸਲਵਾਨ ਕਪੂਰਥਲਾ, ਅਮਰਜੀਤ ਸੈਦੋਵਾਲ, ਮਹਿਲਾ ਕਾਂਗਰਸ ਜ਼ਿਲ੍ਹਾ ਕਪੂਰਥਲਾ ਦੀ ਸਾਬਕਾ ਪ੍ਰਧਾਨ ਸਰਜੀਵਨ ਲਤਾ ਸ਼ਰਮਾ, ਸੀਨੀਅਰ ਆਗੂ ਸ਼ਵਿੰਦਰ ਨਿਸ਼ਚਲ, ਮੀਨਾਕਸ਼ੀ ਵਰਮਾ, ਸੀਤਾ ਦੇਵੀ, ਰਾਣੀ ਪੀਪਰੰਗੀ, ਪ੍ਰੇਮ ਕੌਰ ਚਾਨਾ, ਪਿੰਕੀ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਮਾਰਕੀਟ ਕਮੇਟੀ ਫਗਵਾੜਾ ਦੇ ਸਾਬਕਾ ਚੇਅਰਮੈਨ ਨਰੇਸ਼ ਭਾਰਦਵਾਜ, ਸੁਖਵਿੰਦਰ ਪਾਲ ਬਿੱਲੂ ਖੇੜਾ ਵਾਈਸ ਚੇਅਰਮੈਨ ਕਾਂਗਰਸ ਐੱਸ.ਸੀ. ਸੈੱਲ ਪੰਜਾਬ, ਸਾਬਕਾ ਬਲਾਕ ਪ੍ਰਧਾਨ ਸੰਜੀਵ ਬੁੱਗਾ, ਅਮਰਜੀਤ ਨਿੱਝਰ ਜਨਰਲ ਸਕੱਤਰ ਓ.ਬੀ.ਸੀ. ਸੇਲ, ਡੈਲੀਗੇਟ ਗੁਰਜੀਤ ਪਾਲ ਵਾਲੀਆ, ਸੁਨੀਲ ਪਾਂਡੇ, ਗੁਰਦੀਪ ਬਿਸ਼ਨਪੁਰ, ਤੁਲਸੀ ਰਾਮ ਖੋਸਲਾ, ਸੁਸ਼ੀਲ ਮੈਣੀ, ਪ੍ਰਮੋਦ ਜੋਸ਼ੀ, ਹਰਜੀਤ ਸਿੰਘ ਲਾਡੀ ਬੋਹਾਨੀ, ਕੁੰਦਨ ਰਾਜਪੂਤ, ਪ੍ਰੋ. ਹਰਭਜਨ ਸਿੰਘ, ਰਾਮਮੂਰਤੀ ਭਾਣੋਕੀ, ਪ੍ਰਕਾਸ਼ ਰਾਮ ਭਾਣੋਕੀ, ਵਿਨੋਦ ਵਰਮਾਨੀ, ਸੋਹਣ ਸਿੰਘ, ਹਰਵਿੰਦਰ ਕੁਮਾਰ, ਅਵਤਾਰ ਸਿੰਘ, ਤਰਨਜੀਤ ਸਿੰਘ, ਅਮਨਦੀਪ ਸਿੰਘ, ਬਲਵਿੰਦਰ ਸਿੰਘ, ਵਿੱਕੀ, ਜੋਗਾ ਰਾਮ, ਰਾਮ ਲਾਲ ਸਮੇਤ ਸੈਂਕੜੇ ਕਾਂਗਰਸੀ ਵਰਕਰ ਤੇ ਸਮਰਥਕ ਹਾਜ਼ਰ ਸਨ।