You are currently viewing ਏਕੋਸ ਦੇ ਮੈਂਬਰਾਂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ — ਅਸ਼ੋਕ ਭਾਟੀਆ

ਏਕੋਸ ਦੇ ਮੈਂਬਰਾਂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ — ਅਸ਼ੋਕ ਭਾਟੀਆ


ਫਗਵਾੜਾ 31 ਜਨਵਰੀ ( ਸ਼ਰਨਜੀਤ ਸਿੰਘ ਸੋਨੀ  ) ਐਸੋਸੀਏਸ਼ਨ ਆਫ ਕੰਸਲਟੈਂਟਸ ਫਾਰ ਓਵਰਸੀਜ ਸਟਡੀਜ਼ ਦੀ ਸੂਬਾ ਇਕਾਈ ਦੀ ਇਕ ਹੰਗਾਮੀ ਮੀਟਿੰਗ ਜਲੰਧਰ ਦੇ ਹੋਟਲ ਪ੍ਰੈਜੀਡੇਂਟ ‘ਚ ਹੋਈ ਜਿਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਚੇਅਰਮੈਨ ਰੂਪੇਸ਼ ਦੁੱਗਲ ਨੇ ਕੀਤੀ। ਮੀਟਿੰਗ ਦੌਰਾਨ ਓਵਰਸੀਜ ਸਟਡੀਜ ਕੰਸਲਟੈਂਟਸ ਨੂੰ ਦਰਪੇਸ਼ ਮੁਸ਼ਕਲਾਂ ਅਤੇ ਕਾਰੋਬਾਰ ਨਾਲ ਜੁੜੇ ਕੁੱਝ ਭੱਖਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਪ੍ਰਧਾਨ ਅਸ਼ੋਕ ਭਾਟੀਆ ਨੇ ਦੱਸਿਆ ਕਿ ਮੀਟਿੰਗ ਦੌਰਾਨ ਅਨੇਕਾਂ ਮਸਲਿਆਂ ਤੇ ਚਰਚਾ ਕਰਨ ਉਪਰੰਤ ਕਈ ਮਤੇ ਪਾਸ ਕੀਤੇ ਗਏ ਹਨ। ਨਾਲ ਹੀ ਸਮੂਹ ਏਕੋਸ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੁਲਿਸ, ਪ੍ਰਸ਼ਾਸਨ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿਨ ਪਾਲਣਾ ਕੀਤੀ ਜਾਵੇ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਜਾਂ ਅਫਸਰਸ਼ਾਹੀ ਏਕੋਸ ਦੇ ਮੈਂਬਰਾਂ ਨਾਲ ਬਦਸਲੂਕੀ ਕਰਨਗੇ ਅਤੇ ਦਫਤਰੀ ਕੰਮ ਵਿਚ ਰੁਕਾਵਟ ਪਾਉਣ ਜਾਂ ਸਟਾਫ ਨੂੰ ਧਮਕਾਉਣ ਦੀ ਕੋਸ਼ਿਸ਼ ਕਰਨਗੇ ਤਾਂ ਅਜਿਹੀ ਕਿਸੇ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਵਿਦੇਸ਼ ‘ਚ ਪੜ੍ਹਾਈ ਕਰਨ ਦੇ ਇੱਛੁਕ ਨੌਜਵਾਨਾਂ ਅਤੇ ਉਹਨਾਂ ਮਾਤਾ-ਪਿਤਾ ਨੂੰ ਅਪੀਲ ਕਰਦਿਆਂ ਅਸ਼ੋਕ ਭਾਟੀਆ ਨੇ ਕਿਹਾ ਕਿ ਓਵਰਸੀਜ ਸਟਡੀ ਦੇ ਖੇਤਰ ਵਿਚ ਕੰਮ ਕਰ ਰਹੀਆਂ ਸਰਕਾਰੀ ਮਾਨਤਾ ਪ੍ਰਾਪਤ ਏਜੰਸੀਆਂ ਨਾਲ ਹੀ ਸੰਪਰਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲੁੱਟ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਫਰਜ਼ੀ ਟਰੈਵਲ ਏਜੇਂਟਾਂ ਦੇ ਝਾਂਸੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁੰਡਾ ਅਨਸਰਾਂ ਦੀ ਬੁੱਕਲ ‘ਚ ਜਾਣ ਦੀ ਬਜਾਏ ਏਕੋਸ ਦੇ ਗਰੀਵੈਂਸ ਸੈਲ ਨਾਲ ਸੰਪਰਕ ਕਰਨ ਤਾਂ ਜੋ ਪੁਲਿਸ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਮਸਲੇ ਦਾ ਹਲ ਕਰਵਾਇਆ ਜਾ ਸਕੇ। ਉਹਨਾਂ ਦੱਸਿਆ ਕਿ ਹਰ ਜਿਲ੍ਹੇ ਦੀ ਸਰਕਾਰੀ ਵੈਬਸਾਈਟ ਉੱਪਰ ਸਰਕਾਰ ਤੋਂ ਲਾਈਸੇਂਸ ਪ੍ਰਾਪਤ ਓਵਰਸੀਜ ਕੰਸਲਟੇਂਟਸ ਦੀ ਲਿਸਟ ਉਪਲੱਬਧ ਹੈ। ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਐਜੂਕੇਸ਼ਨ ਕੰਸਲਟੇਂਟਸ ਤੇ ਟਰੈਵਲ ਏਜੰਸੀਆਂ ਦੇ ਨਵੇਂ ਲਾਈਸੇਂਸ ਬਨਾਉਣ ਅਤੇ ਪੁਰਾਣੇ ਲਾਈਸੇਂਸ ਰੀਨਿਊ ਕਰਨ ਦੀ ਪ੍ਰਕ੍ਰਿਆ ਨੂੰ ਆਸਾਨ ਬਨਾਉਣ ਲਈ ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤੀ ਕੀਤੀ ਜਾਵੇ ਤਾਂ ਜੋ ਪੈਂਡਿੰਗ ਲਾਈਸੇਂਸ ਜਲਦੀ ਤੋਂ ਜਲਦੀ ਰਿਲੀਜ ਹੋ ਸਕਣ। ਇਸ ਮੌਕੇ ਕੁਲਵੰਤ ਸਿੰਘ, ਦਵਿੰਦਰ ਸ਼ਰਮਾ, ਸੁਖਵਿੰਦਰ ਨਾਂਦਰਾ, ਸਤਵੀਰ ਭਾਟੀਆ, ਅਸ਼ੀਸ਼ ਆਹੂਜਾ, ਨਿਖਿਲ ਕੁਮਾਰ, ਇੰਦਰਜੀਤ ਕੈਲੇ, ਅਮਿਤ ਨਰੂਲਾ, ਰਵਿੰਦਰ ਸਿੰਘ, ਅਮਰਜੀਤ ਕਨਵਰ, ਸਚਿਨ ਮੋਂਗਾ ਆਦਿ ਏਕੋਸ ਦੇ ਅਹੁਦੇਦਾਰ ਤੇ ਮੈਂਬਰ ਹਾਜਰ ਸਨ।