ਫਗਵਾੜਾ 31 ਜਨਵਰੀ ( ਸ਼ਰਨਜੀਤ ਸਿੰਘ ਸੋਨੀ ) ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਨੀਲੇ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਸਰਕਾਰੀ ਪੱਧਰ ’ਤੇ ਬਹਾਲ ਕਰਨ ਦੇ ਐਲਾਨ ਤੋਂ ਬਾਅਦ ਅੱਜ ਸ਼ਹਿਰ ਦੇ ਵਾਰਡ ਨੰਬਰ 41 ਅਤੇ 42 ’ਚ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਬਣਾਉਣ ਦੀ ਪ੍ਰਕਿਰਿਆ ‘ਆਪ’ ਆਗੂ ਪ੍ਰੀਤਪਾਲ ਕੌਰ ਤੁਲੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ। ਇਸ ਦੌਰਾਨ 50 ਦੇ ਕਰੀਬ ਪਰਿਵਾਰਾਂ ਨੇ ਨੀਲੇ ਕਾਰਡ ਬਣਾਉਣ ਲਈ ਫਾਰਮ ਭਰੇ ਗਏ। ਫਾਰਮ ਭਰਨ ‘ਚ ਮਹਿਲਾ ਆਗੂ ਪ੍ਰਿਤਪਾਲ ਕੌਰ ਤੁਲੀ ਨੇ ਖੁਦ ਵੀ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਪਰਿਵਾਰ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਹੋਈਆਂ ਬੇਨਿਯਮੀਆਂ ਨੂੰ ਕਦੇ ਵੀ ਦੁਹਰਾਉਣ ਨਹੀਂ ਦਿੱਤਾ ਜਾਵੇਗਾ। ਯੋਗਤਾ ਦੇ ਆਧਾਰ ’ਤੇ ਲੋੜਵੰਦਾਂ ਦੇ ਨੀਲੇ ਕਾਰਡ ਬਣਾਏ ਜਾਣਗੇ ਤਾਂ ਜੋ ਉਹ ਮੁਫਤ ਅਨਾਜ ਦੀ ਸਰਕਾਰੀ ਸਹੂਲਤ ਸਮੇਤ ਸਿਹਤ ਬੀਮਾ ਆਦਿ ਹੋਰ ਯੋਜਨਾਵਾਂ ਦਾ ਲਾਭ ਲੈ ਸਕਣ। ਉਨ੍ਹਾਂ ਵਾਰਡ ਨੰਬਰ 39 ਤੋਂ 42 ਦੇ ਵਾਂਝੇ ਪਰਿਵਾਰ ਜੋ ਨੀਲੇ ਕਾਰਡ ਬਣਵਾਉਣਾ ਚਾਹੁੰਦੇ ਹਨ ਉਹਨਾਂ ਨੂੰ ਸੰਪਰਕ ਕਰਨ ਦੀ ਅਪੀਲ ਕੀਤੀ ਤਾਂ ਜੋ ਜਲਦੀ ਤੋਂ ਜਲਦੀ ਨੀਲੇ ਕਾਰਡ ਬਨਾਉਣ ਦੀ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਿਆ ਜਾ ਸਕੇ।