You are currently viewing ‘ਸਰਕਾਰ ਤੁਹਾਡੇ ਦੁਆਰ’ ਸਕੀਮ ਤਹਿਤ ਪਿੰਡਾਂ ’ਚ ਕੈਂਪਾਂ ਦੀ ਸ਼ੁਰੂਆਤ 5 ਫਰਵਰੀ ਤੋਂ : ਜੋਗਿੰਦਰ ਮਾਨ * ਐਸ.ਡੀ.ਐਮ. ਫਗਵਾੜਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਚਰਚਾ

‘ਸਰਕਾਰ ਤੁਹਾਡੇ ਦੁਆਰ’ ਸਕੀਮ ਤਹਿਤ ਪਿੰਡਾਂ ’ਚ ਕੈਂਪਾਂ ਦੀ ਸ਼ੁਰੂਆਤ 5 ਫਰਵਰੀ ਤੋਂ : ਜੋਗਿੰਦਰ ਮਾਨ * ਐਸ.ਡੀ.ਐਮ. ਫਗਵਾੜਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਚਰਚਾ


ਫਗਵਾੜਾ 30 ਜਨਵਰੀ  : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਯੋਜਨਾਵਾਂ ਦਾ ਲਾਭ ਨਾਗਰਿਕਾਂ ਨੂੰ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਸਰਕਾਰ ਤੁਹਾਡੇ ਦੁਆਰ ਯੋਜਨਾ’ ਤਹਿਤ 5 ਫਰਵਰੀ ਤੋਂ ਵਿਧਾਨ ਸਭਾ ਹਲਕਾ ਫਗਵਾੜਾ ਦੇ ਦਿਹਾਤੀ ਖੇਤਰਾਂ ਵਿੱਚ ਕੈਂਪ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਹਲਕਾ ਵਿਧਾਨ ਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ ਦੇ ਨਾਲ ਉਹਨਾਂ ਦੇ ਦਫ਼ਤਰ ਵਿਖੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜਰੀ ‘ਚ ਵਿਚਾਰ ਵਟਾਂਦਰੇ ਤੋਂ ਬਾਅਦ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਸਕੀਮ ਦੇ ਪਹਿਲੇ ਪੜਾਅ ਵਿੱਚ ਪੇਂਡੂ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ। ਜਿਸ ਤਹਿਤ ਰੋਜ਼ਾਨਾ ਚਾਰ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ। ਇਸ ਤੋਂ ਬਾਅਦ ਵਾਰਡ ਪੱਧਰ ’ਤੇ ਸ਼ਹਿਰੀ ਖੇਤਰਾਂ ’ਚ ਵੀ ਅਜਿਹੇ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਕੰਮ ਪੂਰੇ ਕਰਨ ਦਾ ਮੌਕਾ ਦਿੱਤਾ ਜਾਵੇਗਾ। ਮਾਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਇਸ ਸਕੀਮ ਦਾ ਮੰਤਵ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਜ਼ਰੂਰੀ ਕੰਮ ਕਰਵਾਉਣ ਵਿੱਚ ਆਉਣ ਵਾਲੀ ਅਸੁਵਿਧਾ ਤੋਂ ਰਾਹਤ ਦਿਵਾਉਣਾ ਹੈ। ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਅਸਲ ਵਿੱਚ ਇਹ ਅਹਿਸਾਸ ਕਰਵਾਇਆ ਜਾਵੇ ਕਿ ਪੰਜਾਬ ਵਿੱਚ ਸੱਤਾ ਹੀ ਨਹੀਂ ਸਗੋਂ ਵਿਵਸਥਾ ਵੀ ਬਦਲ ਗਈ ਹੈ। ਜਿਸ ਤਹਿਤ ਸਮਾਜਿਕ ਸੁਰੱਖਿਆ ਵਿਭਾਗ, ਮਾਲ ਵਿਭਾਗ, ਲੇਬਰ ਵਿਭਾਗ, ਪੁਲਿਸ ਵਿਭਾਗ, ਖੁਰਾਕ ਤੇ ਸਪਲਾਈ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਲੋਕਾਂ ਦੇ ਘਰ-ਘਰ ਪਹੁੰਚ ਕੇ ਉਨ੍ਹਾਂ ਦਾ ਕੰਮ ਨਿਪਟਾਉਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਕੈਂਪਾਂ ਦੀ ਰੂਪ-ਰੇਖਾ ਤਿਆਰ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਪੰਚਾਇਤ ਸਕੱਤਰ ਜਗਜੀਤ ਸਿੰਘ, ਸ਼ਿਵਜੀਤ ਸਿੰਘ ਫੂਡ ਇੰਸਪੈਕਟਰ, ਸਿਕੰਦਰ ਸਿੰਘ ਏ.ਐਸ.ਐਮ. ਆਦਿ ਹਾਜ਼ਰ ਸਨ।