You are currently viewing ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ‘ਤੇ ਦਿੱਤਾ ਸ਼ਾਨਦਾਰ ਤੋਹਫ਼ਾ

ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ‘ਤੇ ਦਿੱਤਾ ਸ਼ਾਨਦਾਰ ਤੋਹਫ਼ਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਇਆਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵੇਂ ਸਾਲ ਮੌਕੇ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਲ 2024 ਦੇ ਪਹਿਲੇ ਦਿਨ ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਪੰਜਾਬ ਸਰਕਾਰ ਨੇ ਖਰੀਦ ਲਿਆ ਹੈ, ਜਿਸ ਨਾਲ ਲੋਕਾਂ ਦੇ ਪੈਸੇ ਵੀ ਬਚਣਗੇ ਅਤੇ ਬਿਜਲੀ ਵੀ ਸਸਤੀ ਮਿਲੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਦੇਸ਼ ਦਾ ਸਭ ਤੋਂ ਸਸਤਾ ਸਮਝੌਤਾ ਹੈ ਅਤੇ ਇਸ ਦਾ ਨਾਮ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ’ਤੇ ਰੱਖਿਆ ਜਾਵੇਗਾ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਨੀਅਤ ਅਤੇ ਨੀਤੀ ਸਾਫ਼ ਹੈ। ਇਹ ਪਹਿਲੀ ਸਰਕਾਰ ਹੈ ਜੋ ਪ੍ਰਾਈਵੇਟ ਅਦਾਰੇ ਨੂੰ ਖਰੀਦ ਰਹੀ ਹੈ ਨਹੀਂ ਤਾਂ ਦੇਸ਼ ਅਤੇ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਦੀ ਨੀਤੀ ਤਾਂ ਵੇਚਣ ਵਾਲੀ ਹੀ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਹੋਇਆ ਜੋ ਕਿਸੇ ਨੇ ਸੋਚਿਆ ਨਹੀਂ ਸੀ। ਪੰਜਾਬ ਦੀ ਜਨਤਾ ਨੇ 92 ਉਮੀਦਵਾਰਾਂ ਨੂੰ ਜਿੱਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ, ਪੰਜਾਬ ਸਰਕਾਰ ਰੋਜ਼ਾਨਾ ਲੋਕ ਪੱਖੀ ਫੈਸਲੇ ਲੈ ਰਹੀ ਹੈ। ਸੀਐੱਮ ਮਾਨ ਨੇ ਕਿਹਾ ਕਿ ਆਮ ਤੌਰ ’ਤੇ ਸਰਕਾਰਾਂ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ‘ਚ ਵੇਚ ਦਿੰਦੀਆਂ ਹਨ ਪਰ ਪੰਜਾਬ ‘ਚ ਬਿਲਕੁਲ ਉਲਟਾ ਹੋਇਆ ਹੈ। ਪੰਜਾਬ ਸਰਕਾਰ ਨੇ ਇੱਕ ਨਿੱਜੀ ਅਦਾਰਾ ਖਰੀਦਿਆ ਹੈ। ਜੀ. ਵੀ. ਕੇ. ਦਾ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਪੰਜਾਬ ਸਰਕਾਰ ਨੇ ਖਰੀਦ ਲਿਆ ਹੈ। ਇਹ ਪੀ. ਐੱਸ. ਪੀ. ਸੀ. ਐੱਲ. ਦੀ ਵੱਡੀ ਪ੍ਰਾਪਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 540 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ ਜਿਸ ਨੂੰ 1080 ਕਰੋੜ ਰੁਪਏ ਵਿਚ ਖਰੀਦਿਆ ਹੈ। ਦੋ ਕਰੋੜ ਰੁਪਿਆ ਪਰ ਮੈਗਾਵਾਟ ਹੈ। ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਇਹ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ। ਇਸ ਤੋਂ ਪਹਿਲਾਂ ਜਿਹੜੇ ਪਲਾਂਟ ਖਰੀਦੇ ਗਏ ਹਨ, 600 ਮੈਗਾਵਾਟ ਦਾ ਪਲਾਂਟ ਕੋਬਰਾ ਵੈਸਟ, ਛਾਬੂਆ ਪਾਵਰ 600 ਮੈਗਾਵਾਟ 1804 ਕਰੋੜ, ਅਤੇ ਹੋਰ ਕਈ 2248, 1818 ਕਰੋੜ ਵਿਚ ਖਰੀਦਿਆ ਗਿਆ ਜਦਕਿ ਜੀ. ਵੇ. ਕੇ. ਦਾ ਪਲਾਂਟ 1080 ਕਰੋੜ ਰੁਪਏ ’ਚ ਖਰੀਦਿਆ ਗਿਆ ਹੈ। ਅਜੇ ਵੀ ਇਸ ਥਰਮਲ ਪਲਾਂਟ ਦੀ ਉਮਰ 18-19 ਸਾਲ ਪਈ ਹੈ।