ਕੈਨੇਡਾ ਵਿਚ ਪੁਲਿਸ ਨੇ 47 ਪੰਜਾਬੀਆਂ ਸਮੇਤ 119 ਲੋਕਾਂ ਨੂੰ ਕਾਰਾਂ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਦੀਆਂ 556 ਕਾਰਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਕਾਰਾਂ ਦੀ ਕੀਮਤ 17 ਕਰੋੜ ਰੁਪਏ ਹੈ।
ਟੋਰਾਂਟੋ ਪੁਲਿਸ ਦੇ ਸੁਪਰਡੈਂਟ ਰੌਬ ਟਵੈਰਨਰ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਦਿਨਾਂ ਵਿਚ ਚੋਰੀ ਹੋਈਆਂ 556 ਕਾਰਾਂ ਬਰਾਮਦ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ ਕਰੀਬ 27 ਲੱਖ ਡਾਲਰ (17 ਕਰੋੜ ਰੁਪਏ) ਹੈ।
ਇਸ ਮਾਮਲੇ ਵਿਚ ਪੁਲਿਸ ਨੇ 119 ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿੱਚੋਂ 47 ਮੁਲਜ਼ਮ ਪੰਜਾਬੀ ਮੂਲ ਦੇ ਹਨ। ਪੁਲਿਸ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਕੁਝ ਕਾਰਾਂ ਮੌਂਟਰੀਅਲ ਦੀ ਬੰਦਰਗਾਹ ਤੋਂ ਉਸ ਵੇਲੇ ਬਰਾਮਦ ਕੀਤੀਆਂ ਜਦੋਂ ਉਨ੍ਹਾਂ ਨੂੰ ਕੰਟੇਨਰਾਂ ’ਚ ਵਿਦੇਸ਼ ਭੇਜਿਆ ਜਾ ਰਿਹਾ ਸੀ। ਪੁਲਿਸ ਨੇ ਮੁਲਜ਼ਮਾਂ ਦੀ ਸੂਚੀ ਜਾਰੀ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਟਰੇਸ ਕਰ ਲਿਆ ਗਿਆ ਹੈ। ਨਵੰਬਰ 2022 ਵਿੱਚ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ।
ਪੁਲਿਸ ਮੁਤਾਬਕ 2019 ਤੋਂ ਬਾਅਦ ਵਾਹਨ ਚੋਰੀ ਦੇ ਮਾਮਲੇ ਲਗਾਤਾਰ ਵਧੇ ਹਨ। ਉਦੋਂ ਤੋਂ ਸ਼ੁਰੂ ਹੋਈ ਜਾਂਚ ‘ਚ 119 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।