You are currently viewing ਪਾਣੀਆਂ ਬਾਰੇ ਪੀਐਮ ਮੋਦੀ ਦਾ ਵੱਡਾ ਬਿਆਨ, ਸੂਬਿਆਂ ਨੂੰ ਸਹਿਯੋਗ ਤੇ ਤਾਲਮੇਲ ਵਧਾਉਣ ਦੀ ਸਲਾਹ

ਪਾਣੀਆਂ ਬਾਰੇ ਪੀਐਮ ਮੋਦੀ ਦਾ ਵੱਡਾ ਬਿਆਨ, ਸੂਬਿਆਂ ਨੂੰ ਸਹਿਯੋਗ ਤੇ ਤਾਲਮੇਲ ਵਧਾਉਣ ਦੀ ਸਲਾਹ

ਨਵੀਂ ਦਿੱਲੀ: ਸਤਲੁਜ-ਯਮਨਾ ਲਿੰਕ ਨਹਿਰ ਦੇ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਾਣੀਆਂ ਬਾਰੇ ਅੱਜ ਵੱਡਾ ਬਿਆਨ ਆਇਆ ਹੈ। ਬੇਸ਼ੱਕ ਉਨ੍ਹਾਂ ਦਾ ਇਹ ਬਿਆਨ ਐਸਵਾਈਐਲ ਦੇ ਮੁੱਦੇ ਨਾਲ ਸਿੱਧੇ ਤੌਰ ‘ਤੇ ਕੋਈ ਸਬੰਧ ਨਹੀਂ ਰੱਖਦਾ ਪਰ ਉਨ੍ਹਾਂ ਦੀ ਟਿੱਪਣੀ ਰਾਜਾਂ ਵਿਚਾਲੇ ਪਾਣੀਆਂ ਦੇ ਵਿਵਾਦ ਬਾਰੇ ਅਹਿਮ ਹੈ।

ਦਰਅਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲ ਸੰਭਾਲ ਮੁਹਿੰਮਾਂ ਵਿੱਚ ਲੋਕਾਂ ਦੀ ਹਿੱਸੇਦਾਰੀ ਦੇ ਮਹੱਤਵ ਨੂੰ ਅਹਿਮੀਅਤ ਦਿੰਦਿਆਂ ਕਿਹਾ ਕਿ ਇਕੱਲੀ ਸਰਕਾਰ ਦੇ ਯਤਨ ਨਾਲ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਰਾਜਾਂ ਦੇ ਜਲ ਮੰਤਰੀਆਂ ਦੀ ਪਹਿਲੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਪਾਣੀ ਰਾਜਾਂ ਦਰਮਿਆਨ ਸਹਿਯੋਗ ਤੇ ਤਾਲਮੇਲ ਦਾ ਵਿਸ਼ਾ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸ਼ਹਿਰੀਕਰਨ ਦੀ ਤੇਜ਼ ਰਫ਼ਤਾਰ ਨੂੰ ਦੇਖਦੇ ਹੋਏ ਇਸ ਲਈ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਯੋਜਨਾ ਬਣਾਉਣੀ ਚਾਹੀਦੀ ਹੈ।

ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਇਸ ਟਿੱਪਣੀ ਦੇ ਕਈ ਅਰਥ ਹਨ, ਕਿਉਂਕਿ ਕਈ ਰਾਜਾਂ ਵਿਚਾਲੇ ਪਾਣੀ ਦੀ ਵੰਡ ਨੂੰ ਲੈ ਕੇ ਕਈ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਨਰੇਗਾ ਤਹਿਤ ਪਾਣੀ ‘ਤੇ ਵੱਧ ਤੋਂ ਵੱਧ ਕੰਮ ਕੀਤਾ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਪੰਜਾਬ ਦੀ ਸਿਆਸਤ ਅੰਦਰ ਐਸਵਾਈਐਲ ਨੂੰ ਲੈ ਕੇ ਗਰਮਾਈ ਹੋਈ ਹੈ।

ਯਮੁਨਾ ਨੂੰ ਸਤਲੁਜ ਨਾਲ ਜੋੜਨ ਦੀ ਹੋ ਰਹੀ ਸਾਜਿਸ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਤਲੁਜ ਯਮੁਨਾ ਲਿੰਕ ਨਹਿਰ ਉੱਪਰ ਸਖਤ ਸਟੈਂਡ ਲਿਆ ਹੈ। ਐਸਵਾਈਐਲ ਦੀ ਉਸਾਰੀ ਦੇ ਮੁੱਦੇ ’ਤੇ ਬੁੱਧਵਾਰ ਨੂੰ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ ਹੇਠ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਮੀਟਿੰਗ ਨੂੰ ਸੁਖਬੀਰ ਬਾਦਲ ਨੇ ਇੱਕ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਹੈ ਕਿ ਉਹ ਯਮੁਨਾ ਨੂੰ ਸਤਲੁਜ ਨਾਲ ਜੋੜਨ ਦੀ ਸਾਜ਼ਿਸ਼ ਨੂੰ ਸਫ਼ਲ ਕਰਨ ਦੇ ਸਾਧਨ ਬਣ ਗਏ ਹਨ।

ਸੁਖਬੀਰ ਬਾਦਲ ਬਾਦਲ ਨੇ ਫੇਸਬੁੱਕ ਪੋਸਟ ਪਾਉਂਦਿਆ ਕਿਹਾ ਕਿ ਯਮੁਨਾ ਨੂੰ ਸਤਲੁਜ ਨਾਲ ਜੋੜਨ ਦਾ ਵਿਚਾਰ ਦਰਿਆਈ ਪਾਣੀਆਂ ‘ਤੇ ਪੰਜਾਬ ਦੇ ਸੰਵਿਧਾਨਕ ਆਧਾਰ ਨੂੰ ਤਬਾਹ ਕਰਨ ਦੀ ਸਦੀਆਂ ਪੁਰਾਣੀ ਚਾਲ ਹੈ ਤੇ ਇਸ ਸਾਜ਼ਿਸ਼ ਨੂੰ ਅਕਾਲੀ ਦਲ ਦੇ ਸਖ਼ਤ ਵਿਰੋਧ ਨੇ ਹਮੇਸ਼ਾ ਹੀ ਨਾਕਾਮ ਕੀਤਾ ਹੈ। ਪਰ ਹੁਣ ਭਗਵੰਤ ਮਾਨ ਇਸ ਸਾਜ਼ਿਸ਼ ਨੂੰ ਸਫ਼ਲ ਕਰਨ ਦਾ ਸਾਧਨ ਬਣ ਗਿਆ ਹੈ। ਉਨ੍ਹਾਂ ਅੱਗੇ ਲਿਖਿਆ ਹੈ ਕਿ ਦਰਿਆਵਾਂ ਨੂੰ ਜੋੜਨ ਦਾ ਉਦੇਸ਼ ਸਿਰਫ਼ ਤੇ ਸਿਰਫ਼ ਸਤਲੁਜ ਦਾ ਪਾਣੀ ਹਰਿਆਣਾ ਨੂੰ ਲਿਜਾਣ ਦਾ ਬਹਾਨਾ ਹੈ। ਜੇਕਰ ਹਰਿਆਣਾ ਨੇ ਸਾਂਝੇ ਪਾਣੀ ਤੋਂ ਸਿਰਫ਼ ਯਮੁਨਾ ਦਾ ਪਾਣੀ ਹੀ ਲੈਣਾ ਹੈ ਤਾਂ ਕਿਉਂ ਨਾ ਹਰਿਆਣਾ ਨੂੰ ਇਸ ਦੀ ਵਰਤੋਂ ਜਾਰੀ ਰੱਖਣ ਲਈ ਕਿਹਾ ਜਾਵੇ, ਜਿਵੇਂ ਉਹ ਹੁਣ ਵੀ ਕਰ ਰਿਹਾ ਹੈ ?