ਜਲੰਧਰ, 21 ਦਸੰਬਰ
ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਅੱਜ ਇੱਥੇ ਕਿਹਾ ਕਿ ਜਲੰਧਰ ਪ੍ਰਸਾਸਨ ਲਤੀਫਪੁਰਾ ਇਲਾਕੇ ਵਿੱਚ ਦਲਿਤਾਂ ਦੇ ਮਕਾਨਾਂ ਨੂੰ ਢਾਹੁਣ ਦੀ ਮੁਹਿੰਮ ਨੂੰ ਜਾਇਜ ਠਹਿਰਾਉਣ ਲਈ ਕੋਈ ਵੀ ਦਸਤਾਵੇਜ ਦਿਖਾਉਣ ਵਿੱਚ ਅਸਫਲ ਰਿਹਾ ਹੈ। ਸਾਂਪਲਾ ਨੇ ਲਤੀਫਪੁਰਾ ਵਿੱਚ ਮਕਾਨ ਢਾਹੁਣ ਕਾਰਨ ਬੇਘਰ ਹੋਏ ਦਲਿਤ ਵਰਗ ਦੇ ਇਨਾਂ ਲੋਕਾਂ ਨੂੰ ਮਿਲਣ ਉਪਰੰਤ ਉਨਾਂ ਦੀਆਂ ਮੁਸਕਲਾਂ ਬਾਰੇ ਜਾਣਕਾਰੀ ਲੈਣ ਮੱਗਰੋਂ ਜਲੰਧਰ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਉਨਾਂ ਦਾ ਪੱਖ ਜਾਣਿਆ। ਇਸ ਮੁਹਿੰਮ ਤਹਿਤ ਜਿਹੜੇ ਮਕਾਨਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਸੀ, ਉਹ ਲੋਕ ਅੱਜ ਕੜਾਕੇ ਦੀ ਠੰਢ ਵਿੱਚ ਮਲਬੇ ’ਤੇ ਰਹਿਣ ਲਈ ਮਜਬੂਰ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਦੀ ਇਹ ਕਾਰਵਾਈ ਇਨਾਂ ਲੋਕਾਂ ‘ਤੇ ਸਰਾਸਰ ਅੱਤਿਆਚਾਰ ਹੈ। ਸਾਂਪਲਾ ਨੇ ਇਸ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ 10 ਜਨਵਰੀ 2023 ਨੂੰ ਪੰਜਾਬ ਦੇ ਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ, ਜਲੰਧਰ ਦੇ ਡੀਸੀ, ਪੁਲੀਸ ਕਮਿਸਨਰ, ਨਗਰ ਨਿਗਮ ਕਮਿਸਨਰ ਅਤੇ ਇੰਪਰੂਵਮੈਂਟ ਟਰੱਸਟ ਦੇ ਕਾਰਜਸਾਧਕ ਅਫਸਰਾਂ ਦੀ ਮੀਟਿੰਗ ਦਿੱਲੀ ਸਥਿਤ ਕਮਿਸਨ ਦੇ ਦਫਤਰ ਵਿਖੇ ਬੁਲਾਈ ਹੈ। ਉਨਾਂ ਦੱਸਿਆ ਕਿ ਦਲਿਤ ਵਰਗ ਦੇ ਇਹ ਲੋਕ 70 ਸਾਲਾਂ ਤੋਂ ਲਤੀਫਪੁਰਾ ‘ਚ ਰਹਿ ਰਹੇ ਹਨ, ਇਨਾਂ ਲੋਕਾਂ ਨੇ ਸਬੂਤ ਵਜੋਂ ਉਨਾਂ ਨੂੰ ਪਾਣੀ ਅਤੇ ਬਿਜਲੀ ਦੇ ਬਿੱਲ, ਵੋਟਰ ਕਾਰਡ, ਰਾਸ਼ਨ ਕਾਰਡ, ਆਧਾਰ ਕਾਰਡ ਅਤੇ ਡਰਾਈਵਿੰਗ ਲਾਇਸੰਸ ਵੀ ਦਿਖਾਏ, ਜਿਸ ‘ਤੇ ਉਨਾਂ ਨੇ ਮਕਾਨਾਂ ਦਾ ਐਡਰੈਸ ਲਿਖਿਆ ਹੈ। ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ ਘਰ ਢਾਹੁਣ ਦੀ ਮੁਹਿੰਮ ਦੇ ਸਬੰਧ ਵਿੱਚ ਉਨਾਂ ਅੱਜ ਦੀ ਮੀਟਿੰਗ ਵਿੱਚ ਜਿਲਾ ਪ੍ਰਸਾਸਨ ਤੋਂ ਦਸਤਾਵੇਜ ਵੀ ਮੰਗੇ ਸਨ, ਪਰ ਡੀਸੀ, ਨਗਰ ਨਿਗਮ ਕਮਿਸਨਰ ਅਤੇ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਇਸ ਵਿੱਚ ਨਾਕਾਮ ਰਹੇ। ਉਨਾਂ ਕਿਹਾ ਕਿ ਉਨਾਂ ਵੱਲੋਂ ਸਰਕਟ ਹਾਊਸ ਵਿਖੇ ਬੁਲਾਈ ਗਈ ਮੀਟਿੰਗ ਦੌਰਾਨ ਜਦੋਂ ਬੇਘਰ ਹੋਏ ਲੋਕਾਂ ਦੀ ਸੂਚੀ ਮੰਗੀ ਗਈ ਤਾਂ ਡਿਪਟੀ ਕਮਿਸਨਰ ਅਤੇ ਕਾਰਜਸਾਧਕ ਅਫਸਰ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ ਤਾਂ ਉਨਾਂ ਨੂੰ ਬਹੁਤ ਦੁੱਖ ਹੋਇਆ। ਸਾਂਪਲਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪ੍ਰਭਾਵਿਤ ਲੋਕਾਂ ਨੂੰ ਮੋਬਾਈਲ ਪਖਾਨੇ ਤੁਰੰਤ ਉਪਲਬਧ ਕਰਵਾਏ ਜਾਣ ਅਤੇ ਸਬੰਧਤ ਸਥਾਨ ‘ਤੇ ਸਿਹਤ ਟੀਮ ਦੀ 24 ਘੰਟੇ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ।