You are currently viewing ਕਪੂਰਥਲਾ ਜਿਲ੍ਹੇ ਵਿਚ ਖੁੱਲ੍ਹਣਗੇ 15 ਹੋਰ ਆਮ ਆਦਮੀ ਕਲੀਨਿਕ ਡਿਪਟੀ ਕਮਿਸ਼ਨਰ ਵਲੋਂ ਤਿਆਰੀਆਂ ਦਾ ਜਾਇਜ਼ਾ-ਸਿਹਤ, ਲੋਕ ਨਿਰਮਾਣ ਵਿਭਾਗ ਨੂੰ ਕੰਮ ਜੰਗੀ ਪੱਧਰ ’ਤੇ ਮੁਕੰਮਲ ਕਰਨ ਦੇ ਹੁਕਮ,  ਲਗਭਗ 40 ਤਰ੍ਹਾਂ ਦੇ ਟੈਸਟ ਹੋਣਗੇ ਬਿਲਕੁਲ ਮੁਫਤ

ਕਪੂਰਥਲਾ ਜਿਲ੍ਹੇ ਵਿਚ ਖੁੱਲ੍ਹਣਗੇ 15 ਹੋਰ ਆਮ ਆਦਮੀ ਕਲੀਨਿਕ ਡਿਪਟੀ ਕਮਿਸ਼ਨਰ ਵਲੋਂ ਤਿਆਰੀਆਂ ਦਾ ਜਾਇਜ਼ਾ-ਸਿਹਤ, ਲੋਕ ਨਿਰਮਾਣ ਵਿਭਾਗ ਨੂੰ ਕੰਮ ਜੰਗੀ ਪੱਧਰ ’ਤੇ ਮੁਕੰਮਲ ਕਰਨ ਦੇ ਹੁਕਮ, ਲਗਭਗ 40 ਤਰ੍ਹਾਂ ਦੇ ਟੈਸਟ ਹੋਣਗੇ ਬਿਲਕੁਲ ਮੁਫਤ

ਕਪੂਰਥਲਾ, 15 ਦਸੰਬਰ

ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਮੁਫਤ ਤੇ ਬਿਹਤਰੀਨ ਇਲਾਜ ਸਹੂਲਤਾਂ ਦੇਣ ਦੇ ਮੰਤਵ ਨਾਲ ਕਪੂਰਥਲਾ ਜਿਲੇ ਵਿਚ 15 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਵਲੋਂ ਅੱਜ ਜਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੌਰਾਨ ਕਲੀਨਿਕਾਂ ਸਬੰਧੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।

ਡਿਪਟੀ ਕਮਿਸ਼ਨਰ ਸ਼੍ਰੀ ਸਾਰੰਗਲ ਨੇ ਕਿਹਾ ਕਿ ਜਿਲ੍ਹੇ ਵਿਚ 15 ਅਗਸਤ ਨੂੰ ਸੂਜੋਕਾਲੀਆ ਤੇ ਭੰਡਾਲ ਬੇਟ ਵਿਖੇ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਰਾਹੀਂ ਹਜ਼ਾਰਾਂ ਲੋਕਾਂ ਨੇ ਇਲਾਜ ਕਰਵਾਇਆ ਹੈ, ਜਿਸ ਕਰਕੇ ਇਨਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ।

15 ਨਵੇਂ ਸ਼ੁਰੂ ਹੋਣ ਵਾਲੇ ਆਮ ਆਦਮੀ ਕਲੀਨਿਕ ਢਿਲਵਾਂ, ਮਕਸੂਦਪੁਰ, ਪਰਮਜੀਤ ਪੁਰ, ਕਬੀਰਪੁਰ, ਡਡਵਿੰਡੀ, ਭਾਣੋਲੰਗਾ, ਖਾਲੂ, ਸੁਰਖਪੁਰ, ਅਠੌਲੀ, ਪਲਾਹੀ, ਸੋਪੋਰ, ਰਾਣੀਪੁਰ, ਹਦੀਆਬਾਦ, ਰਾਇਕਾ ਮੁਹੱਲਾ ਕਪੂਰਥਲਾ ਤੇ ਗੁਰੂ ਨਾਨਕ ਪੁਰਾ ਫਗਵਾੜਾ ਵਿਖੇ ਜਲਦ ਸੇਵਾਵਾਂ ਦੇਣੀਆਂ ਸ਼ੁਰੂ ਕਰਨਗੇ।

ਡਿਪਟੀ ਕਮਿਸ਼ਨਰ ਨੇ ਸਿਹਤ ਸੁਸਾਇਟੀ ਦੇ ਮੈਂਬਰਾਂ, ਸਿਹਤ ਵਿਭਾਗ, ਲੋਕ ਨਿਰਮਾਣ ਵਿਭਾਗ ਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਲੀਨਿਕਾਂ ਦੇ ਕੰਮ ਨੂੰ ਜੰਗੀ ਪੱਧਰ ’ਤੇ ਮੁਕੰਮਲ ਕਰਨ ਤਾਂ ਜੋ ਸਿਹਤ ਸਹੂਲਤਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦਾ ਕੀਤਾ ਜਾ ਸਕੇ।

ਕਲੀਨਿਕਾਂ ਵਿਚ ਓ.ਪੀ.ਡੀ. ਸੇਵਾਵਾਂ, ਟੀਕਾਕਰਨ ਦੀ ਸਹੂਲਤ, ਜੱਚਾ -ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਸਬੰਧੀ ਸੇਵਾਵਾਂ, ਮੁਫਤ ਲੈਬ ਟੈਸਟ, ਮੁਫਤ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ।  ਕਲੀਨਿਕਾਂ ਵਿਚ ਕੁੱਲ 41 ਤਰ੍ਹਾਂ ਦੇ ਟੈਸਟ ਬਿਲਕੁਲ ਮੁਫਤ ਹੋਣਗੇ ਤੇ ਕਲੀਨਿਕ ਵਿਖੇ ਮਰੀਜ਼ ਦਾ ਪੂਰਾ ਕਲੀਨੀਕਲ ਡਾਟਾ ਹੋਵੇਗਾ , ਜਿਸ ਰਾਹੀਂ ਉਹ ਸੂਬੇ ਭਰ ਵਿਚ ਕਿਸੇ ਵੀ ਕਲੀਨਿਕ ਤੋਂ ਇਲਾਜ ਕਰਵਾ ਸਕੇਗਾ।

ਇਸ ਮੌਕੇ ਐਸ.ਡੀ.ਐਮ. ਲਾਲ ਵਿਸ਼ਵਾਸ਼ ਬੈਂਸ, ਜਿਲ੍ਹਾ ਲੋਕ ਸੰਪਰਕ ਅਫਸਰ ਸੁਬੇਗ ਸਿੰਘ, ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ , ਐਕਸੀਅਨ ਪਵਨ ਕੁਮਾਰ, ਐਸ.ਡੀ.ਓ. ਜਲ ਸਪਲਾਈ ਧਰਮਿੰਦਰ ਸਿੰਘ ਤੇ ਸਮੂਹ ਐਸ.ਐਮ.ਓਜ਼ ਵੀ ਹਾਜ਼ਰ ਸਨ।