ਚੰਡੀਗੜ੍ਹ: ਪੰਜਾਬ ਵਿੱਚ ਇੱਕ ਵਾਰ ਫਿਰ ਪੁਲਿਸ ਥਾਣੇ ‘ਤੇ ਰਾਕੇਟ ਲਾਂਚਰ ਨਾਲ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਤਰਨਤਾਰਨ ਜ਼ਿਲੇ ਦੇ ਸਰਹਾਲੀ ਥਾਣੇ ‘ਚ ਸਥਿਤ ਸਾਂਝ ਕੇਂਦਰ ‘ਤੇ ਸ਼ੁੱਕਰਵਾਰ ਦੇਰ ਰਾਤ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ, ਜਿਸ ‘ਚ ਇਮਾਰਤ ਦੇ ਸ਼ੀਸ਼ੇ ਟੁੱਟ ਗਏ। ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਮਲੇ ਸਮੇਂ ਥਾਣੇ ਵਿੱਚ ਮੌਜੂਦ ਸਨ ਕਰਮਚਾਰੀ
ਜਾਣਕਾਰੀ ਅਨੁਸਾਰ ਥਾਣਾ ਸਰਹਾਲੀ ਉਪਰ ਅੱਧੀ ਰਾਤ ਨੂੰ ਰਾਕੇਟ ਲਾਂਚਰ ਨਾਲ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ। ਰਾਕੇਟ ਲਾਂਚ ਥਾਣੇ ਦੇ ਦਰਵਾਜੇ ਵਿੱਚ ਵੱਜਿਆ ਅਤੇ ਸਾਂਝ ਕੇਂਦਰ ਦੀ ਇਮਾਰਤ ਵਿੱਚ ਜਾ ਡਿੱਗਿਆ, ਜਿਸ ਕਾਰਨ ਇਮਾਰਤ ਦੇ ਸ਼ੀਸ਼ੇ ਅਤੇ ਬਾਰੀਆਂ ਨੁਕਸਾਨੀਆਂ ਗਈਆਂ। ਹਮਲੇ ਸਮੇਂ ਥਾਣੇ ਦੇ ਇੰਚਾਰਜ ਪ੍ਰਕਾਸ਼ ਸਿੰਘ ਤੋਂ ਇਲਾਵਾ ਡਿਊਟੀ ਅਧਿਕਾਰੀ ਅਤੇ 8 ਪੁਲਿਸ ਮੁਲਾਜ਼ਮ ਠਾਣੇ ਵਿੱਚ ਮੌਜੂਦ ਸਨ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਰਾਤ 1 ਵਜੇ ਹੋਇਆ ਹਮਲਾ
ਸਰਹਾਲੀ ਪੁਲਿਸ ਸਾਂਝ ਕੇਂਦਰ ਉਪਰ ਰਾਤ ਲਗਭਗ 1 ਵਜੇ ਦੇ ਕਰੀਬ ਜਿਵੇਂ ਹੀ ਹਮਲੇ ਦੀ ਸੂਚਨਾ ਉਚ ਪੁਲਿਸ ਅਧਿਕਾਰੀਆਂ ਨੂੰ ਮਿਲੀ ਤਾਂ ਤੁਰੰਤ ਮੌਕੇ ਉਪਰ ਪੁੱਜੇ ਅਤੇ ਜਾਂਚ ਆਰੰਭ ਦਿੱਤੀ ਹੈ। ਅਜੇ ਕੋਈ ਵੀ ਅਧਿਕਾਰੀ ਸਪੱਸ਼ਟ ਤੌਰ ਉਪਰ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ। ਪਰੰਤੂ ਹਮਲੇ ਪਿੱਛੇ ਅੱਤਵਾਦੀ ਕੁਨੈਕਸ਼ਨ ਹੋਣ ਦਾ ਵੀ ਸ਼ੱਕ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਮਾਰਗ ‘ਤੇ ਸਥਿਤ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।