ਫਗਵਾੜਾ
ਨਗਰ ਨਿਗਮ ਫਗਵਾੜਾ ਵਲੋਂ ਸ਼ਹਿਰ ‘ਚ ਨਜਾਇਜ ਕਬਜੇ ਹਟਾਉਣ ਲਈ ਮੁਹਿਮ ਆਰੰਭੀ ਗਈ। ਬਾਅਦ ਦੁਪਿਹਰ ਨਿਗਮ ਕ੍ਰਮਚਾਰੀਆਂ ਦਾ ਅਮਲਾ ਸੁਪਰਡੈਂਟ ਗੁਰਮੇਲ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ ਬਾਜਾਰਾਂ ਵਿਚ ਪਹੁੰਚਿਆ ਅਤੇ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਨਜਾਇਜ ਤੌਰ ਤੇ ਰੱਖਿਆ ਸਮਾਨ, ਫਲੈਕਸ, ਸਾਈਨ ਬੋਰਡ ਆਦਿ ਨੂੰ ਜਬਤ ਕਰ ਲਿਆ। ਨਿਗਮ ਦੀ ਇਸ ਮੁਹਿਮ ਨਾਲ ਦੁਕਾਨਦਾਰਾਂ ਵਿਚ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ। ਇੱਥੇ ਜਿਕਰਯੋਗ ਹੈ ਕਿ ਏਡੀਸੀ ਕਮ ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਨੇ ਦੋ ਦਿਨ ਪਹਿਲਾਂ ਹੀ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਸੀ ਕਿ ਦੁਕਾਨਾਂ ਦੇ ਬਾਹਰ ਨਜਾਇਜ ਤੌਰ ਤੇ ਸਮਾਨ ਅਤੇ ਬੋਰਡ ਰੱਖ ਕੇ ਟਰੈਫਿਕ ਵਿਘਨ ਨਾ ਪਾਇਆ ਜਾਵੇ। ਜਿਸ ਤੋਂ ਬਾਅਦ ਅੱਜ ਇਸ ਮੁਹਿਮ ਨੂੰ ਅਮਲ ਵਿਚ ਲਿਆਂਦਾ ਗਿਆ। ਸਥਾਨਕ ਬੰਗਾ ਰੋਡ ਤੇ ਵੀ ਬਹੁਤ ਸਾਰੇ ਸਾਈਨ ਬੋਰਡ ਅਤੇ ਫਲੈਕਸਾਂ ਨੂੰ ਨਿਗਮ ਦੇ ਅਮਲੇ ਵਲੋਂ ਆਪਣੇ ਕਬਜੇ ਵਿਚ ਲੈ ਲਿਆ ਗਿਆ। ਹਾਲਾਂਕਿ ਕਾਰਪੋਰੇਸ਼ਨ ਦੀ ਇਸ ਮੁਹਿਮ ਨੂੰ ਲੈ ਕੇ ਦੁਕਾਨਦਾਰਾਂ ਵਿਚ ਕੁੱਝ ਰੋਸ ਵੀ ਨਜ਼ਰ ਆਇਆ। ਕੁੱਝ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਬੋਰਡ ਟਰੈਫਿਕ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਨਹੀਂ ਕਰਦੇ ਕਿਉਂਕਿ ਇਹਨਾਂ ਬੋਰਡਾਂ ਤੋਂ ਕਾਫੀ ਅੱਗੇ ਪਾਵਰਕਾਮ ਦੇ ਖੰਬੇ ਲੱਗੇ ਹੋਏ ਹਨ। ਦੂਸਰੇ ਪਾਸੇ ਆਮ ਸ਼ਹਿਰੀਆਂ ਵਲੋਂ ਨਿਗਮ ਦੀ ਇਸ ਮੁਹਿਮ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਸ਼ਹਿਰ ਦੀ ਹੱਦ ਦੇ ਨਜਦੀਕ ਅਤੇ ਤੰਗ ਬਾਜਾਰਾਂ ਤੇ ਗਲੀਆਂ ਮੁਹੱਲਿਆਂ ਵਿਚ ਵੀ ਨਜਾਇਜ ਕਬਜਿਆਂ ਨੂੰ ਠ੍ਹੱਲ ਪਾਈ ਜਾਵੇ।