You are currently viewing ਨਾਰਦਨ ਰੇਲਵੇ ਦੇ ਡੀ.ਆਰ.ਐਮ ਸੀਮਾ ਸ਼ਰਮਾ ਨੇ ਫਗਵਾੜਾ ਵਾਸੀਆਂ ਦੀਆਂ ਸੁਣੀਆਂ ਮੁਸ਼ਕਲਾਂ,  ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਵੀ ਕੀਤੀ ਮੀਟਿੰਗ

ਨਾਰਦਨ ਰੇਲਵੇ ਦੇ ਡੀ.ਆਰ.ਐਮ ਸੀਮਾ ਸ਼ਰਮਾ ਨੇ ਫਗਵਾੜਾ ਵਾਸੀਆਂ ਦੀਆਂ ਸੁਣੀਆਂ ਮੁਸ਼ਕਲਾਂ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਵੀ ਕੀਤੀ ਮੀਟਿੰਗ

ਫਗਵਾੜਾ 20 ਸਤੰਬਰ
ਉੱਤਰੀ ਰੇਲਵੇ ਦੇ ਡੀ.ਆਰ.ਐਮ. ਸ੍ਰੀਮਤੀ ਸੀਮਾ ਸ਼ਰਮਾ ਦਾ ਅੱਜ ਫਗਵਾੜਾ ਰੇਲਵੇ ਸਟੇਸ਼ਨ ਪਹੁੰਚਣ ’ਤੇ ਸਾਬਕਾ ਮੇਅਰ ਅਰੁਣ ਖੋਸਲਾ ਅਤੇ ਭਾਜਯੁਮੋ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਸਮੇਤ ਹੋਰ ਪਤਵੰਤਿਆਂ ਵੱਲੋਂ ਸ਼ਾਲ ਅਤੇ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਡੀ.ਆਰ.ਐਮ ਸੀਮਾ ਸ਼ਰਮਾ ਨੇ ਸ਼ਹਿਰ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਅਰੁਣ ਖੋਸਲਾ ਨੇ ਡੀ.ਆਰ. ਐਮ. ਮੈਡਮ ਸ਼ਰਮਾ ਨੂੰ ਦੱਸਿਆ ਕਿ ਜਨਤਾ ਸੇਵਾ ਸੰਮਤੀ ਦੀ ਤਰਫੋਂ ਫਗਵਾੜਾ ਦੇ ਰੇਲਵੇ ਪਲੇਟਫਾਰਮ ’ਤੇ ਗਰਮੀ ਦੇ ਮੌਸਮ ’ਚ ਪਾਣੀ ਦੀ ਸੇਵਾ ਪਿਛਲੇ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਵੱਡਾ ਪੁੰਨ ਦਾ ਕੰਮ ਹੈ। ਭੱਖਦੀ ਗਰਮੀ ਵਿੱਚ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ ਅਤੇ ਹੋਰ ਮੈਂਬਰਾਂ ਵਲੋਂ ਨਿਰਸਵਾਰਥ ਭਾਵਨਾ ਨਾਲ ਪਿਆਸੇ ਯਾਤਰੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਨਿਭਾਈ ਜਾਂਦੀ ਹੈ। ਇਸ ਲਈ ਸੇਵਾਦਾਰਾਂ ਦੇ ਆਰਾਮ ਲਈ ਇਕ ਕਮਰੇ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦਾ ਧਿਆਨ ਪਾਣੀ ਦੀ ਸਪਲਾਈ, ਸਾਫ਼ ਪਖਾਨੇ, ਰੇਲਵੇ ਪਲੇਟਫਾਰਮਾਂ ’ਤੇ ਬੰਦ ਪਏ ਪੱਖਿਆਂ ਸਮੇਤ ਹੋਰ ਕਈ ਸਮੱਸਿਆਵਾਂ ਵੱਲ ਵੀ ਦੁਆਇਆ ਗਿਆ। ਇਸ ਦੌਰਾਨ ਖੇੜਾ ਰੋਡ ਫਾਟਕ ਅਤੇ ਸੰਤੋਖਪੁਰਾ ਰੇਲਵੇ ਫਾਟਕ ’ਤੇ ਫੁੱਟ ਓਵਰ ਬ੍ਰਿਜ ਬਣਾਉਣ ਦੀ ਮੰਗ ਵੀ ਰੱਖੀ ਗਈ ਤਾਂ ਜੋ ਲੋਕਾਂ ਨੂੰ ਰੇਲਵੇ ਲਾਈਨ ਕ੍ਰਾਸਿੰਗ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ। ਅਰੁਣ ਖੋਸਲਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅੱਗੇ ਭਗਤਪੁਰਾ ਤੇ ਹੋਰ ਇਲਾਕਿਆਂ ਦੇ ਲੋਕਾਂ ਨੇ ਸਟੇਸ਼ਨ ਨਾਲ ਸਬੰਧਤ ਕਈ ਸਮੱਸਿਆਵਾਂ ਪ੍ਰਮੁੱਖਤਾ ਨਾਲ ਚੁੱਕੀਆਂ ਸਨ ਅਤੇ ਮਾਨਯੋਗ ਮੰਤਰੀ ਜੀ ਦੇ ਸੱਦੇ ਤੇ ਅੱਜ ਡੀ.ਆਰ.ਐਮ. ਨੇ ਫਗਵਾੜਾ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਸਾਹਮਣੇ ਰੇਲਵੇ ਪਲੇਟਫਾਰਮ ’ਤੇ ਯਾਤਰੀਆਂ ਦੀ ਸਹੂਲਤ ਲਈ ਵਾਧੂ ਵੇਟਿੰਗ ਰੂਮ ਦਾ ਮੁੱਦਾ ਵੀ ਉਠਾਇਆ ਗਿਆ। ਇਸ ਦੇ ਨਾਲ ਹੀ ਰੇਲਵੇ ਪਲੇਟਫਾਰਮ ਦੇ ਨਵੀਨੀਕਰਨ ਲਈ 8 ਕਰੋੜ ਰੁਪਏ ਮਨਜ਼ੂਰ ਹੋਣ ਦੇ ਬਾਵਜੂਦ ਕਈ ਕੰਮ ਸ਼ੁਰੂ ਨਾ ਹੋਣ ਦਾ ਮਸਲਾ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਡੀਆਰਐਮ ਸੀਮਾ ਸ਼ਰਮਾ ਨੇ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਜਲਦੀ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ ਅਤੇ ਲੋੜੀਂਦੇ ਟੈਂਡਰ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ। ਫਗਵਾੜਾ ਫੇਰੀ ਦੌਰਾਨ ਡੀ.ਆਰ.ਐਮ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਵੀ ਮੁਲਾਕਾਤ ਕੀਤੀ ਅਤੇ ਫਗਵਾੜਾ ਵਾਸੀਆਂ ਦੀ ਮੰਗ ਅਨੁਸਾਰ ਫਗਵਾੜਾ ਜੰਕਸ਼ਨ ਰੇਲਵੇ ਸਟੇਸ਼ਨ ’ਤੇ ਕੁਝ ਟਰੇਨਾਂ ਦਾ ਸਟਾਪੇਜ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ ਅਤੇ ਮੰਡਲ ਫਗਵਾੜਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ, ਸਾਬਕਾ ਮਹਿਲਾ ਕੌਂਸਲਰ ਸਰਬਜੀਤ ਕੌਰ, ਪਰਮਜੀਤ ਕੌਰ ਕੰਬੋਜ, ਤਜਿੰਦਰ ਸਿੰਘ ਸੋਨੂੰ, ਜਸਵਿੰਦਰ ਸਿੰਘ ਭਗਤਪੁਰਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।