ਫਗਵਾੜਾ 14 ਅਗਸਤ
ਸ੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 17 ਅਗਸਤ ਦਿਨ ਬੁੱਧਵਾਰ ਨੂੰ ਬੜੀ ਧੂਮਧਾਮ ਨਾਲ ਸਜਾਈ ਜਾਵੇਗੀ। ਇਸ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਸ੍ਰੀ ਗੀਤਾ ਭਵਨ ਕਟਹਿਰਾ ਚੌਕ ਫਗਵਾੜਾ ਵਿਖੇ ਪੰਡਿਤ ਦੇਵੀ ਰਾਮ ਦੀ ਪ੍ਰਧਾਨਗੀ ਹੇਠ ਅੱਜ ਹੋਈ ਮੀਟਿੰਗ ‘ਚ ਦਿੱਤਾ ਗਿਆ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਦੇ ਪ੍ਰਧਾਨ ਸ੍ਰੀ ਅਰੁਣ ਖੋਸਲਾ ਸਾਬਕਾ ਮੇਅਰ ਨੇ ਦੱਸਿਆ ਸਮੂਹ ਮੰਦਿਰ ਕਮੇਟੀਆਂ, ਸਨਾਤਨ ਸਮਾਜ ਨਾਲ ਜੁੜੀਆਂ ਸਾਰੀਆਂ ਹੀ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਸ੍ਰੀ ਮੋਨੀ ਬਾਬਾ ਮੰਦਿਰ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ। ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ ਪੰਡਿਤ ਦੇਵੀ ਰਾਮ ਵਲੋਂ ਨਾਰੀਅਲ ਤੋੜ ਕੇ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਸ਼ੋਭਾ ਯਾਤਰਾ ਜੀ.ਟੀ. ਸਰਵਿਸ ਲੇਨ, ਗੁਰੂ ਹਰਗੋਬਿੰਦ ਨਗਰ, ਸੈਂਟਰਲ ਟਾਊਨ, ਮੰਡੀ ਰੋਡ, ਗੁੜ ਮੰਡੀ, ਗਾਂਧੀ ਚੌਕ, ਬਾਂਸਾਵਾਲਾ ਬਾਜਾਰ, ਗਉਸ਼ਾਲਾ ਬਾਜਾਰ, ਨਾਈਆਂ ਚੌਕ, ਸਰਾਏ ਰੋਡ, ਬੰਗਾ ਰੋਡ ਤੋਂ ਹੁੰਦੇ ਹੋਏ ਵਾਪਸ ਮੋਨੀ ਬਾਬਾ ਮੰਦਿਰ ਵਿਖੇ ਸਮਾਪਤ ਹੋਵੇਗੀ। ਉਹਨਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਦੇ ਸਵਾਗਤ ਵਿਚ ਵੱਖ ਵੱਖ ਲੰਗਰ ਕਮੇਟੀਆਂ ਵਲੋਂ ਥਾਂ-ਥਾਂ ਤੇ ਵੱਖ-ਵੱਖ ਪਕਵਾਨਾਂ ਅਤੇ ਫਲ ਫਰੂਟ ਦੇ ਲੰਗਰ ਲਗਾਏ ਜਾਣਗੇ। ਮਾਰਕਿਟ ਕਮੇਟੀਆਂ ਵਲੋਂ ਸਵਾਗਤੀ ਗੇਟ ਬਣਾ ਕੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਵੀ ਕੀਤਾ ਜਾਵੇਗਾ। ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਅਤੇ ਰਾਧਾ ਰਾਣੀ ਨਾਲ ਸਬੰਧਤ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਉਹਨਾਂ ਦੱਸਿਆ ਕਿ ਫਗਵਾੜਾ ‘ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 19 ਅਗਸਤ ਦਿਨ ਵੀਰਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਮੰਦਿਰਾਂ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਜਾਵੇਗਾ। ਇਸ ਤੋਂ ਇਲਾਵਾ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਸੁੰਦਰ ਝਾਕੀਆਂ ਵੀ ਮੰਦਿਰਾਂ ‘ਚ ਸਜਾਈਆਂ ਜਾਣਗੀਆਂ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਸ਼ਾਮ ਵੀ ਸ਼ਰਧਾਲੂ ਸੰਗਤਾਂ ਦੇ ਸਵਾਗਤ ‘ਚ ਸ਼ਹਿਰ ਭਰ ਵਿਚ ਵੱਖ-ਵੱਖ ਪਕਵਾਨਾਂ ਅਤੇ ਫਲ-ਫਰੂਟ ਦੇ ਅਤੁੱਟ ਲੰਗਰ ਵਰਤਾਏ ਜਾਣਗੇ। ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਵਿੰਦਰ ਸ਼ਰਮਾ ਨੀਟਾ, ਰਾਕੇਸ਼ ਬਾਂਸਲ, ਇੰਦਰਜੀਤ ਕਰਵਲ, ਦੀਪਕ ਭਾਰਦਵਾਜ, ਬੋਬੀ ਧੀਰ, ਰਾਜੇਸ਼ ਪਲਟਾ, ਨਿਤਿਨ ਚੱਢਾ, ਵਿਪਨ ਸ਼ਰਮਾ, ਰਾਜੂ ਚਹਿਲ, ਕੇਵਲ ਸ਼ਰਮਾ, ਟੀ.ਡੀ. ਚਾਵਲਾ ਤੋਂ ਇਲਾਵਾ ਵੱਖ ਵੱਖ ਮੰਦਿਰ ਕਮੇਟੀਆਂ ਅਤੇ ਜੱਥੇਬੰਦੀਆਂ ਦੇ ਪ੍ਰਤਿਨਿਧ ਹਾਜਰ ਸਨ।