ਫਗਵਾੜਾ 7 ਅਗਸਤ
ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਨੂੰ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਵਜੋਂ ਮਨਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰ ਭਾਰਤੀ ਨੂੰ 13 ਤੋਂ 15 ਅਗਸਤ ਤੱਕ ਘਰਾਂ ਵਿੱਚ ਤਿਰੰਗਾ ਲਹਿਰਾਉਣ ਦੇ ਦਿੱਤੇ ਸੱਦੇ ਨੂੰ ਲੈ ਕੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਵਿਵਾਦਤ ਬਿਆਨ ਦੀ ਸਖ਼ਤ ਨਖੇਦੀ ਕਰਦਿਆਂ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਕਿਹਾ ਕਿ ਸਿਮਰਨਜੀਤ ਮਾਨ ਵੱਲੋਂ ਸਿੱਖਾਂ ਨੂੰ 15 ਅਗਸਤ ਮੌਕੇ ਤਿਰੰਗੇ ਦੀ ਬਜਾਏ ਖਾਲਸਾਈ ਝੰਡਾ ਲਹਿਰਾਉਣ ਦਾ ਸੱਦਾ ਦੇਣਾ ਭਾਰਤ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਸਿਮਰਨਜੀਤ ਮਾਨ ਨੂੰ ਸਿਰਫ ਖਾਲਿਸਤਾਨ ਦੇ ਸਮਰਥਕਾਂ ਨੇ ਹੀ ਵੋਟ ਦੇ ਕੇ ਪਾਰਲੀਮੈਂਟ ਵਿੱਚ ਨਹੀਂ ਭੇਜਿਆ ਹੈ, ਇਸ ਲਈ ਉਹਨਾਂ ਵੱਲੋਂ ਪਹਿਲਾਂ ਸ਼ਹੀਦ ਭਗਤ ਸਿੰਘ ਬਾਰੇ ਕੀਤੀ ਗਈ ਟਿੱਪਣੀ ਅਤੇ ਹੁਣ ਤਿਰੰਗੇ ਦੀ ਸ਼ਾਨ ਦੇ ਖਿਲਾਫ ਦਿੱਤਾ ਬਿਆਨ ਉਹਨਾਂ ਸਮੂਹ ਦੇਸ਼ ਨਾਲ ਪਿਆਰ ਕਰਨ ਵਾਲੇ ਵੋਟਰਾਂ ਦਾ ਵੀ ਅਪਮਾਨ ਹੈ ਜਿਹਨਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਦੁਬਾਰਾ ਮੈਂਬਰ ਪਾਰਲੀਮੈਂਟ ਬਣਨ ਦਾ ਮੋਕਾ ਦਿੱਤਾ ਹੈ। ਕਮਲ ਸਰੋਜ ਨੇ ਕਿਹਾ ਕਿ ਖਾਲਸਾਈ ਝੰਡੇ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਜੇਕਰ ਇਹ ਝੰਡਾ ਖਾਲਸਾ ਪੰਥ ਦੇ ਸਾਜਨਾ ਦਿਵਸ ’ਤੇ ਲਹਿਰਾਇਆ ਜਾਂਵੇ ਤਾਂ ਜਾਇਜ਼ ਮੰਨਿਆ ਜਾ ਸਕਦਾ ਹੈ ਪਰ ਆਜ਼ਾਦੀ ਦਿਹਾੜੇ ’ਤੇ ਤਿਰੰਗੇ ਦੀ ਬਜਾਏ ਕੋਈ ਹੋਰ ਝੰਡਾ ਲਹਿਰਾਉਣ ਦੀ ਗੱਲ ਕਰਨਾ ਦੇਸ਼ ਨੂੰ ਆਜਾਦ ਕਰਵਾਉਣ ਵਾਲੇ ਮਹਾਨ ਸ਼ਹੀਦਾਂ ਅਤੇ ਭਾਰਤੀ ਸੰਵਿਧਾਨ ਦਾ ਅਪਮਾਨ ਹੈ। ਉਨ੍ਹਾਂ ਭਾਰਤ ਸਰਕਾਰ ਅਤੇ ਵਿਸ਼ੇਸ਼ ਤੌਰ ’ਤੇ ਰਾਸ਼ਟਰਪਤੀ ਤੇ ਲੋਕ ਸਭਾ ਸਪੀਕਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਿਮਰਨਜੀਤ ਮਾਨ ਦੀ ਪਾਰਲੀਮੈਂਟ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਅਤੇ ਇਸ ਤਰ੍ਹਾਂ ਦੇ ਮਾਨਸਿਕ ਰੋਗੀ ਨੂੰ ਇਲਾਜ ਲਈ ਪਾਗਲਖਾਨੇ ’ਚ ਦਾਖਲ ਕਰਵਾਇਆ ਜਾਵੇ, ਨਹੀਂ ਤਾਂ ਜੇਲ ’ਚ ਡੱਕਿਆ ਜਾਵੇ। ਕਿਉਾਂਕਿ ਸੰਵਿਧਾਨ ਦੀ ਸੋਂਹ ਚੁੱਕ ਕੇ ਸੰਸਦ ਮੈਂਬਰ ਬਣਨ ਦੇ ਬਾਵਜੂਦ, ਮਾਨ ਵਲੋਂ ਲਗਾਤਾਰ ਸੰਵਿਧਾਨ ਪ੍ਰਤੀ ਅਵਿਸ਼ਵਾਸ ਪ੍ਰਗਟਾਇਆ ਜਾ ਰਿਹਾ ਹੈ ਜੋ ਕਿ ਭਾਰਤ ਦੀ ਅਖੰਡਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਹੈ। ਉਨ੍ਹਾਂ ਸਮੂਹ ਦੇਸ਼ ਵਾਸੀਆਂ ਅਤੇ ਖਾਸ ਕਰਕੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ 15 ਅਗਸਤ ਨੂੰ ਇੰਨੇ ਤਿਰੰਗਾ ਲਹਿਰਾਏ ਜਾਣ ਕਿ ਖਾਲਿਸਤਾਨੀ ਅਤੇ ਪਾਕਿਸਤਾਨ ਪੱਖੀ ਤਾਕਤਾਂ ਸ਼ਰਮ ਨਾਲ ਮੂੰਹ ਲੁਕਾਉਣ ਲਈ ਮਜਬੂਰ ਹੋ ਜਾਣ। ਇਸ ਮੌਕੇ ਅਨਿਲ ਕੁਮਾਰ, ਕਰਨਵੀਰ ਸ਼ਰਮਾ, ਵਿਵੇਕ ਸ਼ਰਮਾ, ਮਿੰਟੂ ਗੁਪਤਾ, ਸੰਨੀ ਰਾਜਪੂਤ, ਦਲੀਪ ਅਤੇ ਛੋਟੇ ਲਾਲ ਆਦਿ ਸ਼ਿਵ ਸੈਨਿਕ ਹਾਜ਼ਰ ਸਨ।