You are currently viewing ਫੈਕਟਰੀ ਮਜ਼ਦੂਰਾਂ ਨੇ ਹੁਸ਼ਿਆਰਪੁਰ ਫਗਵਾੜਾ ਰੋਡ ਤੇ ਚੱਕਾ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ *

ਫੈਕਟਰੀ ਮਜ਼ਦੂਰਾਂ ਨੇ ਹੁਸ਼ਿਆਰਪੁਰ ਫਗਵਾੜਾ ਰੋਡ ਤੇ ਚੱਕਾ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ *

 

         ਮੇਹਟੀਆਣਾ (  ਜਗਤਾਰ ਸਿੰਘ ਭੁੰਗਰਨੀ     )
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਹਿਰਾਣਾ ਕਲਾਂ ਵਿਖੇ ਸਥਿਤ ਇਕ ਫੈਕਟਰੀ ਇਨਫੋਟੈਕ ਹੈਲਥ ਕੇਅਰ ਦੇ ਮਜ਼ਦੂਰ ਲੜਕੇ-ਲੜਕੀਆਂ ਨੇ ਤਨਖਾਹ ਨਾ ਮਿਲਣ ਦੇ ਵਿਰੋਧ ਵਿੱਚ ਹੁਸ਼ਿਆਰਪੁਰ-ਫਗਵਾੜਾ ਮਾਰਗ ਤੇ ਬਾਬੇ ਦੇ ਢਾਬੇ ਅੱਗੇ ਚੱਕਾ ਜਾਮ ਕਰਕੇ ਫੈਕਟਰੀ ਮਾਲਕਾਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ ਪਿਛਲੇ ਛੇ ਮਹੀਨੇ ਤੋਂ ਫੈਕਟਰੀ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਅਤੇ ਫੈਕਟਰੀ ਦੇ ਮਾਲਕ ਫੈਕਟਰੀ ਖੋਲ੍ਹਣ ਦਾ ਨਾਂ ਨਹੀਂ ਲੈ ਰਹੇ। ਜਦੋਂ ਮਾਲਕਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਹਰ ਵਾਰ ਫੈਕਟਰੀ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਗੱਲ ਕਹਿ ਕੇ ਭਰੋਸਾ ਦੇ ਦਿੰਦੇ ਹਨ। ਪ੍ਰੰਤੂ ਅੱਜ ਲਗਪਗ 6 ਮਹੀਨੇ ਬੀਤ ਜਾਣ ਮਗਰੋਂ ਵੀ ਫੈਕਟਰੀ ਚਾਲੂ ਨਹੀਂ ਕੀਤੀ ਜਾ ਰਹੀ। ਨਾ ਤਾਂ ਉਹਨਾਂ ਨੂੰ 6 ਮਹੀਨੇ ਦੀ ਤਨਖਾਹ ਦਿੱਤੀ ਗਈ ਹੈ ਅਤੇ ਨਾ ਹੀ ਫੈਕਟਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਫੈਕਟਰੀ ਮਾਲਕ ਨਾ ਤਾਂ ਉਨ੍ਹਾਂ ਨੂੰ ਜਵਾਬ ਹੀ ਦੇ ਰਹੇ ਹਨ ਤੇ ਨਾ ਹੀ ਕੰਮ ਚਾਲੂ ਕਰ ਰਹੇ ਹਨ। ਬਸ ਖੱਜਲ ਖੁਆਰ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਹਫਤਾ ਪਹਿਲਾਂ ਉਨ੍ਹਾਂ ਨੇ ਇਸ ਦੇ ਸੰਬੰਧ ਵਿਚ ਐੱਸ.ਐੱਚ.ਓ.ਮੇਹਟੀਆਣਾ ਪ੍ਰਭਜੋਤ ਕੌਰ ਨੂੰ ਵੀ ਮੰਗ ਪੱਤਰ ਦਿੱਤਾ ਸੀ। ਜਿਸ ਲਈ ਐੱਸ.ਐੱਚ.ਓ.ਨੇ ਇਕ ਹਫ਼ਤੇ ਦਾ ਸਮਾਂ ਲਿਆ ਸੀ। ਪ੍ਰੰਤੂ ਅੱਜ ਇਕ ਹਫ਼ਤੇ ਦਾ ਸਮਾਂ ਬੀਤ ਜਾਣ ਬਾਅਦ ਵੀ ਕੋਈ ਹੱਲ ਨਹੀਂ ਹੋਇਆ। ਜਿਸ ਕਰਕੇ ਮਜ਼ਦੂਰਾਂ ਨੂੰ ਅੱਜ ਸੜਕ ਤੇ ਉਤਰਨਾ ਪਿਆ।
                  ਰਾਹਗੀਰਾਂ ਨੂੰ ਲਗਪਗ ਦੋ ਘੰਟੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਮ ਖੁਲ੍ਹਵਾਉਣ ਲਈ ਇਲਾਕੇ ਦੀ ਪੁਲਸ ਪੂਰੀ ਤਰ੍ਹਾਂ ਬੇਵੱਸ ਦਿਸੀ। ਜਿੱਥੇ ਪੁਲਸ ਪ੍ਰਸ਼ਾਸਨ ਦੀ ਕੋਈ ਵਾਹ-ਪੇਸ਼ ਨਹੀਂ ਚੱਲੀ। ਡੀ ਐੱਸ ਪੀ ਦਿਹਾਤੀ ਪ੍ਰੇਮ ਕੁਮਾਰ ਵੀ ਮੌਕੇ ਤੇ ਪਹੁੰਚੇ ਪਰੰਤੂ ਗੱਲ ਉਹਨਾਂ ਦੇ ਬੱਸ ਚੋਂ ਵੀ ਬਾਹਰ ਜਾਂਦੀ ਦਿਸ ਰਹੀ ਸੀ। ਅਸਿਸਟੈਂਟ ਲੇਬਰ ਕਮਿਸ਼ਨਰ ਸ੍ਰੀ ਵਿਕਾਸ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਬੁਝਾ ਕੇ ਉਨ੍ਹਾਂ ਤੋਂ ਇੱਕ ਜੁਲਾਈ ਤੱਕ ਦਾ ਸਮਾਂ ਲੈ ਕੇ ਰੋਡ ਜਾਮ ਖੁੱਲ੍ਹਵਾਇਆ।