You are currently viewing ਮੋਦੀ ਸਰਕਾਰ ਵਲੋਂ ਪ੍ਰਤੀ ਮੈਂਬਰ 30 ਕਿਲੋ ਫਰੀ ਕਣਕ ਦੀ ਵੰਡ ਜਲਦ – ਅਰੁਣ ਖੋਸਲਾ  * ਪੱਕੀਆਂ ਛੱਤਾਂ ਲਈ ਸ਼ਹਿਰੀ ਲੋੜਵੰਦ ਲਾਇਬ੍ਰੇਰੀ ਇਮਾਰਤ ‘ਚ ਭਰਨ ਫਾਰਮ

ਮੋਦੀ ਸਰਕਾਰ ਵਲੋਂ ਪ੍ਰਤੀ ਮੈਂਬਰ 30 ਕਿਲੋ ਫਰੀ ਕਣਕ ਦੀ ਵੰਡ ਜਲਦ – ਅਰੁਣ ਖੋਸਲਾ * ਪੱਕੀਆਂ ਛੱਤਾਂ ਲਈ ਸ਼ਹਿਰੀ ਲੋੜਵੰਦ ਲਾਇਬ੍ਰੇਰੀ ਇਮਾਰਤ ‘ਚ ਭਰਨ ਫਾਰਮ

ਫਗਵਾੜਾ 27 ਜੂਨ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਕੋਵਿਡ-19 ਕੋਰੋਨਾ ਮਹਾਮਾਰੀ ਦੌਰਾਨ ਦੇਸ਼ ਦੇ 80 ਕਰੋੜ ਲੋੜਵੰਦਾਂ ਨੂੰ ਕਣਕ ਦੀ ਫਰੀ ਸਪਲਾਈ ਸਬੰਧੀ ਯੋਜਨਾ ਤਹਿਤ ਹਰੇਕ ਲੋੜਵੰਦ ਪਰਿਵਾਰ ਨੂੰ ਪ੍ਰਤੀ ਮੈਂਬਰ ਪੰਜ ਕਿੱਲੋ ਕਣਕ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਛੇ ਮਹੀਨੇ ਦੀ 30 ਕਿੱਲੋ ਕਣਕ ਦੀ ਸਪਲਾਈ ਜਲਦੀ ਕਰ ਦਿੱਤੀ ਜਾਵੇਗੀ। ਇਹ ਖੁਲਾਸਾ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਰਦਿਆਂ ਦੱਸਿਆ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਯੋਜਨਾ ਤਹਿਤ ਕਣਕ ਦੀ ਵੰਡ ‘ਚ ਜਾਣਬੁੱਝ ਕੇ ਰੁਕਾਵਟ ਪਾਈ ਜਾ ਰਹੀ ਸੀ ਪਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਉਪਰਾਲੇ ਸਦਕਾ ਕੇਂਦਰ ਸਰਕਾਰ ਵਲੋਂ ਭਗਵੰਤ ਮਾਨ ਸਰਕਾਰ ਦੀ ਖਿਚਾਈ ਕੀਤੀ ਗਈ ਜਿਸ ਤੋਂ ਬਾਅਦ ਹੁਣ ਇਸ ਕਣਕ ਦੀ ਵੰਡ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲਾਭਪਾਤਰੀਆਂ ਨੂੰ ਪਰਚੀਆਂ ਵੰਡਣ ਦਾ ਕੰਮ ਇਕ ਜਾਂ ਦੋ ਦਿਨ ‘ਚ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਯਤਨਾਂ ਸਦਕਾ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਮੋਦੀ ਸਰਕਾਰ ਵਲੋਂ ਫਗਵਾੜਾ ਨਗਰ ਨਿਗਮ ਨੂੰ ਜੋ 90 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਸਦਾ ਲਾਭ ਲੈਣ ਲਈ ਸ਼ਹਿਰੀ ਖੇਤਰ ਦੇ ਲੋੜਵੰਦ ਪਰਿਵਾਰ ਜਿਹਨਾਂ ਦੇ ਘਰਾਂ ਦੀਆਂ ਛੱਤਾਂ ਕੱਚੀਆਂ ਹਨ ਉਹ ਪੱਕੀਆਂ ਛੱਤਾਂ ਪਾਉਣ ਲਈ ਸਥਾਨਕ ਟਾਊਨ ਹਾਲ ਸਥਿਤ ਲਾਇਬ੍ਰੇਰੀ ਦੀ ਇਮਾਰਤ ‘ਚ ਵਿਸ਼ੇਸ਼ ਤੌਰ ਤੇ ਸਥਾਪਤ ਕੀਤੇ ਕਾਉਂਟਰ ਵਿਖੇ ਸੰਪਰਕ ਕਰਕੇ ਆਪਣਾ ਫਾਰਮ ਭਰਨ। ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਪ੍ਰਤੀ ਪਰਿਵਾਰ ਸਰਕਾਰ ਵਲੋਂ ਪੰਜਾਹ ਹਜਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਰਾਹੀਂ ਕੁੱਲ 1.50 ਲੱਖ ਰੁਪਏ ਦਿੱਤੇ ਜਾਂਦੇ ਹਨ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਮੋਦੀ ਸਰਕਾਰ ਗਰੀਬਾਂ ਦੀ ਸਰਕਾਰ ਹੈ ਅਤੇ ਹਰ ਗਰੀਬ ਲੋੜਵੰਦ ਪਰਿਵਾਰ ਨੂੰ ਸਰਕਾਰੀ ਯੋਜਨਾ ਦਾ ਲਾਭ ਯਕੀਨੀ ਤੌਰ ਤੇ ਪਹੁੰਚਾਇਆ ਜਾਵੇਗਾ।