ਫਗਵਾੜਾ 27 ਜੂਨ
ਫਗਵਾੜਾ ਦੇ ਸ਼ੁਗਰ ਮਿਲ ਪੁਲ ਤੋਂ ਸ਼ਹਿਰ ਦੀ ਹੱਦ ਏਕਤਾ ਰਿਜੋਰਟ ਨਕੋਦਰ ਰੋਡ ਤੱਕ ਦੀ ਫੋਰ ਲੇਨ ਸੜਕ ਦੀ ਉਸਾਰੀ ਦਾ ਕੰਮ ਲੰਬੇ ਇੰਤਜਾਰ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਵਲੋਂ ਧਰਨਾ ਲਾਉਣ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਅਖੀਰ ਅੱਜ ਪੀ.ਡਬਲਯੂ.ਡੀ. ਵਿਭਾਗ ਵਲੋਂ ਸ਼ੁਰੂ ਕਰਵਾ ਦਿੱਤਾ ਗਿਆ। ਇਸ ਸੜਕ ਦੀ ਉਸਾਰੀ ਕਾਫੀ ਸਾਲ ਤੋਂ ਸਿਆਸਤ ਦੀ ਭੇਂਟ ਚੜ੍ਹਦੀ ਆ ਰਹੀ ਸੀ ਜਿਸ ਕਰਕੇ ਲੋਕਾਂ ‘ਚ ਭਾਰੀ ਗੁੱਸਾ ਸੀ ਕਿਉਂਕਿ ਰਾਹਗੀਰਾਂ ਨੂੰ ਖਸਤਾ ਹਾਲ ਸੜਕ ਤੋਂ ਲੰਘਣ ‘ਚ ਭਾਰੀ ਮੁਸ਼ਕਲ ਪੇਸ਼ ਆਉਂਦੀ ਸੀ। ਡੂੰਘੇ ਟੋਇਆਂ ਨਾਲ ਅਕਸਰ ਭਾਰ ਢੋਣ ਵਾਲੇ ਵਾਹਨਾਂ ਦੇ ਐਕਸਲ ਟੁੱਟ ਜਾਂਦੇ ਸੀ ਤੇ ਦੋਪਹੀਆ ਵਾਹਨ ਚਾਲਕਾਂ ਲਈ ਵੀ ਇਸ ਖਸਤਾ ਹਾਲ ਸੜਕ ਨੂੰ ਪਾਰ ਕਰਨਾ ਕਿਲਾ ਜਿੱਤਣ ਵਾਲੀ ਗੱਲ ਸੀ। ਇੱਥੇ ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਕੈਂਥ ਦੇ ਉਪਰਾਲੇ ਸਦਕਾ ਸੜਕ ਨੂੰ ਫੋਰ ਲੇਨ ਕਰਨ ਦਾ ਪ੍ਰੋਜੈਕਟ ਕਈ ਸਾਲ ਪਹਿਲਾਂ ਪਾਸ ਹੋ ਚੁੱਕਾ ਸੀ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਆਪਣੇ ਹਿੱਸੇ ਦੀ ਗ੍ਰਾਂਟ ਵੀ ਜਾਰੀ ਕਰ ਦਿੱਤੀ ਗਈ ਸੀ ਪਰ ਪੰਜਾਬ ਸਰਕਾਰ ਵਲੋਂ ਆਪਣੇ ਹਿੱਸੇ ਦੀ ਗ੍ਰਾਂਟ ਜਾਰੀ ਕਰਨ ‘ਚ ਕਾਫੀ ਸਮਾਂ ਲਿਆ ਗਿਆ ਅਤੇ ਫਿਰ ਜੰਗਲਾਤ ਵਿਭਾਗ, ਪਾਵਰਕਾਮ ਤੇ ਹੋਰ ਸਬੰਧਤ ਵਿਭਾਗਾਂ ‘ਚ ਆਪਸੀ ਤਾਲਮੇਲ ਦੀ ਕਮੀ ਦੇ ਚਲਦਿਆਂ ਸੜਕ ਉਸਾਰੀ ਦਾ ਕੰਮ ਸਿਰੇ ਨਹੀਂ ਚੜ੍ਹ ਸਕਿਆ ਸੀ। ਸੜਕ ਨੂੰ ਫੋਰ ਲੇਨ ਕਰਨ ‘ਚ ਹੋ ਰਹੀ ਦੇਰੀ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਆਗੂਆਂ ਵਲੋਂ ਇਕ ਦੂਸਰੇ ਤੇ ਦੋਸ਼ ਵੀ ਲਗਾਏ ਜਾਂਦੇ ਰਹੇ। ਸੂਬੇ ਦੀ ਸੱਤਾ ਬਦਲਣ ਅਤੇ ਸੜਕ ਵਿਚਾਲੇ ਆਉਣ ਵਾਲੇ ਬਿਜਲੀ ਦੇ ਖੰਬਿਆਂ ਅਤੇ ਦਰਖ਼ਤਾਂ ਨੂੰ ਹਟਾਏ ਜਾਣ ਦਾ ਕੰੰਮ ਮੁਕੱਮਲ ਹੋਣ ਦੇ ਬਾਵਜੂਦ ਜਦੋਂ ਸੜਕ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋਇਆ ਤਾਂ ਭਾਰਤੀ ਜਨਤਾ ਯੁਵਾ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਨੇ ਪਿਛਲੇ ਦਿਨੀਂ ਨਕੋਦਰ ਰੋਡ ਤੇ ਸੂਬਾ ਸਰਕਾਰ ਦੇ ਖਿਲਾਫ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਸੀ। ਜਿਸ ਤੋਂ ਬਾਅਦ ਅੱਜ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨੇ ਸੜਕ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।
ਘਟੀਆ ਮੈਟੀਰੀਅਲ ਵਰਤਿਆ ਤਾਂ ਵੀ ਹੋਵੇਗਾ ਵਿਰੋਧ – ਨਿਤਿਨ ਚੱਢਾ
* ਕਿਹਾ – ਸੜਕ ਵਿਚਾਲੇ ਬਣਨ ਵਾਲੇ ਡਿਵਾਈਡਰ ਤੇ ਵੀ ਰਹੇਗੀ ਨਜ਼ਰ
ਭਾਰਤੀ ਜਨਤਾ ਯੁਵਾ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਨੇ ਕਿਹਾ ਕਿ ਬੇਸ਼ਕ ਨਕੋਦਰ ਰੋਡ ਦੀ ਉਸਾਰੀ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ ਪਰ ਉਸਾਰੀ ਦੌਰਾਨ ਵਰਤੇ ਜਾਣ ਵਾਲੇ ਮੈਟੀਰੀਅਲ ਦੀ ਗੁਣਵੱਤਾ ਮਾੜੀ ਹੋਈ ਤਾਂ ਮੋਰਚਾ ਵਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫੋਰ ਲੇਨ ਸੜਕ ਦੇ ਪ੍ਰੋਜੈਕਟ ‘ਚ ਡਿਵਾਈਡਰ ਵੀ ਬਣਾਇਆ ਜਾਣਾ ਹੈ ਇਸ ਲਈ ਉਹਨਾਂ ਦੀ ਨਜ਼ਰ ਰਹੇਗੀ ਕਿ ਪ੍ਰੋਜੈਕਟ ਦੇ ਮੁਤਾਬਿਕ ਡਿਵਾਈਡਰ ਦੀ ਉਸਾਰੀ ‘ਚ ਕੋਈ ਹੇਰ-ਫੇਰ ਨਾ ਕੀਤਾ ਜਾਵੇ। ਜੇਕਰ ਕਿਸੇ ਤਰ੍ਹਾਂ ਦੀ ਕੋਈ ਕਮੀ ਰਹੀ ਤਾਂ ਉਸਦਾ ਵਿਰੋਧ ਕੀਤਾ ਜਾਵੇਗਾ।