ਆਗਰਾ ਵਿੱਚ ਇੱਕ ਬੱਚਾ ਆਪਣੇ ਪਿਤਾ ਦੇ ਮੋਬਾਈਲ ਉਤੇ ਗੇਮ ਖੇਡ ਰਿਹਾ ਸੀ, ਜਿਸ ਕਾਰਨ ਪਿਤਾ ਦੇ ਖਾਤੇ ਵਿੱਚੋਂ 39 ਲੱਖ ਰੁਪਏ ਕੱਟ ਲਏ ਗਏ। ਜਦੋਂ ਪਿਤਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸਾਈਬਰ ਰੇਂਜ ਨੂੰ ਕੀਤੀ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ, ਆਗਰਾ ਦੇ ਖੰਦੋਲੀ ਇਲਾਕੇ ਦੇ ਰਹਿਣ ਵਾਲੇ ਇੱਕ ਸੇਵਾਮੁਕਤ ਫੌਜੀ ਨੇ ਇੱਕ ਮਹੀਨਾ ਪਹਿਲਾਂ ਸਾਈਬਰ ਰੇਂਜ ਵਿੱਚ ਇੱਕ ਅਰਜ਼ੀ ਦਿੱਤੀ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਦੇ ਖਾਤੇ ਵਿੱਚੋਂ ਧੋਖੇ ਨਾਲ 39 ਲੱਖ ਰੁਪਏ ਕਢਵਾ ਲਏ ਗਏ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਇੰਨੀ ਵੱਡੀ ਰਕਮ ਕਿਵੇਂ ਨਿਕਲੀ। ਉਸ ਨੇ ਇਸ ਸਬੰਧੀ ਬੈਂਕ ਨਾਲ ਵੀ ਸੰਪਰਕ ਕੀਤਾ, ਜਿੱਥੋਂ ਪਤਾ ਲੱਗਾ ਕਿ ਪਹਿਲਾਂ ਰਕਮ ਪੇਟੀਐਮ ਤੋਂ ਕੋੜਾ ਪੇਮੈਂਟ ਵਿੱਚ ਗਈ, ਉਸ ਤੋਂ ਬਾਅਦ ਇਹ ਰਕਮ ਸਿੰਗਾਪੁਰ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਗਈ।
ਰਕਮ ਸਿੰਗਾਪੁਰ ਦੇ ਜਿਸ ਬੈਂਕ ਖਾਤੇ ਵਿਚ ਟਰਾਂਸਫਰ ਕੀਤੀ ਗਈ, ਉਹ ਖਾਤਾ ਕ੍ਰਾਫਟਨ ਕੰਪਨੀ ਦਾ ਹੈ। ਇਹ ਉਹੀ ਕੰਪਨੀ ਹੈ ਜੋ ਬੈਟਲ ਗਰਾਊਂਡਜ਼ ਮੋਬਾਈਲ ਇੰਡੀਆ ਦੇ ਨਾਂ ਹੇਠ ਆਨਲਾਈਨ ਗੇਮ ਨੂੰ ਖਿਡਾਉਂਦੀ ਹੈ, ਜੋ ਭਾਰਤ ਵਿੱਚ ਵੀ ਬਹੁਤ ਮਸ਼ਹੂਰ ਹੋਈ ਸੀ। ਇਸ ਸਬੰਧੀ ਕੰਪਨੀ ਖਿਲਾਫ ਆਈਟੀ ਐਕਟ ਅਤੇ ਧੋਖਾਧੜੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸਾਈਬਰ ਰੇਂਜ ਥਾਣਾ ਇੰਚਾਰਜ ਅਕਾਸ਼ ਸਿੰਘ ਨੇ ਦੱਸਿਆ ਕਿ ਇਕ ਸੇਵਾਮੁਕਤ ਫੌਜੀ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦੇ ਆਧਾਰ ‘ਤੇ ਕੰਪਨੀ ਖਿਲਾਫ ਧੋਖਾਧੜੀ ਅਤੇ ਆਈ.ਟੀ.ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।