You are currently viewing ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ, ਅਗਨੀਪਥ ਯੋਜਨਾ ‘ਤੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 35 ਵ੍ਹੱਟਸਐਪ ਗਰੁੱਪਾਂ ‘ਤੇ ਪਾਬੰਦੀ

ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ, ਅਗਨੀਪਥ ਯੋਜਨਾ ‘ਤੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 35 ਵ੍ਹੱਟਸਐਪ ਗਰੁੱਪਾਂ ‘ਤੇ ਪਾਬੰਦੀ

ਦੇਸ਼ ਭਰ ਵਿੱਚ ਅਗਨੀਪਥ ਯੋਜਨਾ ਨੂੰ ਲੈ ਕੇ ਚੱਲ ਰਹੇ ਹੰਗਾਮੇ ਦੇ ਵਿਚਕਾਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਰਕਾਰੀ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਗ੍ਰਹਿ ਮੰਤਰਾਲੇ ਨੇ ਅਗਨੀਪਥ ਯੋਜਨਾ ਅਤੇ ਅਗਨੀਵੀਰਾਂ ‘ਤੇ ਜਾਅਲੀ ਖ਼ਬਰਾਂ ਫੈਲਾਉਣ ਲਈ 35 ਵ੍ਹੱਟਸਐਪ ਗਰੁੱਪਾਂ ‘ਤੇ ਪਾਬੰਦੀ ਲਗਾਈ ਹੈ। ਕੁਝ ਦਿਨ ਪਹਿਲਾਂ ਇਸ ਯੋਜਨਾ ਦੇ ਐਲਾਨ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਦੇ ਖਿਲਾਫ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਇਹ ਕਦਮ ਚੁੱਕਿਆ ਗਿਆ ਹੈ।

ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਅਗਨੀਪਥ ਯੋਜਨਾ ਬਾਰੇ ਕਥਿਤ ਤੌਰ ‘ਤੇ ਜਾਅਲੀ ਖ਼ਬਰਾਂ ਫੈਲਾਉਣ ਲਈ ਸਰਕਾਰ ਨੇ 35 ਵ੍ਹੱਟਸਐਪ ਗਰੁੱਪਾਂ ‘ਤੇ ਪਾਬੰਦੀ ਲਗਾਈ ਹੈ। ਹਾਲਾਂਕਿ, ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਕੀ ਇਨ੍ਹਾਂ ਸਮੂਹਾਂ ਜਾਂ ਇਨ੍ਹਾਂ ਗਰੁਪਾਂ ਦੇ ਪ੍ਰਬੰਧਕਾਂ ਵਿਰੁੱਧ ਕੋਈ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਮਾਮਲੇ ‘ਚ ਪਟਨਾ ਦੇ ਚਾਰ ਕੋਚਿੰਗ ਸੈਂਟਰਾਂ ‘ਤੇ ਸਾਜ਼ਿਸ਼ ਦਾ ਦੋਸ਼ ਲੱਗਾ ਸੀ। ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਪਟਨਾ ਪੁਲਿਸ ਨੂੰ ਵ੍ਹੱਟਸਐਪ ਚੈਟ ਤੋਂ ਕਈ ਸਬੂਤ ਮਿਲੇ ਹਨ ਜੋ ਗਵਾਹੀ ਦਿੰਦੇ ਹਨ ਕਿ ਵਿਦਿਆਰਥੀਆਂ ਨੂੰ ਭੜਕਾਇਆ ਗਿਆ ਸੀ ਅਤੇ ਅਰਾਜਕਤਾ ਦੀ ਸਥਿਤੀ ਪੈਦਾ ਕੀਤੀ ਗਈ ਸੀ। ਸਬੂਤਾਂ ਨੇ ਸੰਕੇਤ ਦਿੱਤਾ ਹੈ ਕਿ ਸੂਬੇ ਵਿੱਚ ਕੋਚਿੰਗ ਸੈਂਟਰਾਂ ਨੇ ਅੱਗਜ਼ਨੀ ਅਤੇ ਹਿੰਸਾ ਨੂੰ ਵਧਾਉਣ ਵਿੱਚ ਭੂਮਿਕਾ ਨਿਭਾਈ ਹੋ ਸਕਦੀ ਹੈ।

ਪਟਨਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ 4 ਕੋਚਿੰਗ ਸੰਸਥਾਵਾਂ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਅਤੇ ਕੁਝ ਹੋਰ ਸੂਬਿਆਂ ਤੋਂ ਵੀ ਕੁਝ ਅਜਿਹਾ ਹੀ ਪਤਾ ਲੱਗਾ ਹੈ। ਇਸ ਦੌਰਾਨ, ਗ੍ਰਹਿ ਮੰਤਰਾਲੇ ਨੇ ਅਗਨੀਪਥ ਸਕੀਮ ਅਤੇ ਅਗਨੀਵੀਰ ‘ਤੇ ਜਾਅਲੀ ਖ਼ਬਰਾਂ ਫੈਲਾਉਣ ਲਈ 35 ਵ੍ਹੱਟਸਐਪ ਗਰੁੱਪਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।

ਯੋਜਨਾ ਵਾਪਸ ਨਹੀਂ ਆਵੇਗੀ

ਦੱਸ ਦੇਈਏ ਕਿ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਅਗਨੀਪਥ ਯੋਜਨਾ ਦੇ ਖਿਲਾਫ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਏ ਅਤੇ ਰੇਲ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਇਸ ਯੋਜਨਾ ਨੂੰ ਲੈ ਕੇ ਤਿੰਨਾਂ ਸੈਨਾਵਾਂ ਦੀ ਨਵੋਂ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ। ਜਿਸ ਵਿੱਚ ਸਪੱਸ਼ਟ ਕਿਹਾ ਗਿਆ ਸੀ ਕਿ ਅਗਨੀਪੱਥ ਸਕੀਮ ਨੂੰ ਵਾਪਸ ਨਹੀਂ ਲਿਆ ਜਾਵੇਗਾ। ਹੁਣ ਇਸ ਸਕੀਮ ਤਹਿਤ ਫੌਜ ਦੀ ਭਰਤੀ ਕੀਤੀ ਜਾਵੇਗੀ।