ਆਮ ਆਦਮੀ ਪਾਰਟੀ ਦਾ ਇਕ ਵਫਦ ਜਿਲ੍ਹਾ ਸਕੱਤਰ ਨਿਰਮਲ ਸਿੰਘ ਅਤੇ ਜਿਲ੍ਹਾ ਐਸ.ਸੀ. ਵਿੰਗ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਦੀ ਸਾਂਝੀ ਅਗਵਾਈ ਹੇਠ ਏ.ਡੀ.ਸੀ. ਕਮ ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਨੂੰ ਮਿਲਿਆ। ਇਸ ਦੌਰਾਨ ਇਕ ਮੰਗ ਪੱਤਰ ਦਿੰਦਿਆਂ ਠੇਕੇ ਤੇ ਕੰਮ ਕਰ ਰਹੇ ਕੱਚੇ ਸਫਾਈ ਸੇਵਕਾਂ ਨੂੰ ਪੱਕੇ ਕਰਨ ਅਤੇ ਡੀ.ਸੀ. ਰੇਟ ਅਨੁਸਾਰ ਤਨਖਾਹਾਂ ਦਾ ਭੁਗਤਾਨ ਦੇਣ ਦੀ ਗੱਲ ਕਹੀ ਗਈ। ਸੰਤੋਸ਼ ਕੁਮਾਰ ਗੋਗੀ ਅਨੁਸਾਰ ਪਿਛਲੀਆਂ ਸਰਕਾਰਾਂ ਨੇ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਕੇ ਬਹੁਤ ਖੱਜਲ ਖੁਆਰ ਕੀਤਾ ਹੈ। ਸੰਤੋਸ਼ ਕੁਮਾਰ ਗੋਗੀ ਤੋਂ ਇਲਾਵਾ ਨਿਰਮਲ ਸਿੰਘ ਅਤੇ ਜਿਲ੍ਹਾ ਕੈਸ਼ੀਅਰ ਹਰਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਕਾਰਪੋਰੇਸ਼ਨ ਵਿਚ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਨਾ ਹੋਣਾ ਯਕੀਨੀ ਬਨਾਉਣ ਦੇ ਨਾਲ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੀ ਸਹੂਲਤ ਲਈ ਸ਼ਹਿਰ ਦੇ ਵਿਕਾਸ ਉੱਪਰ ਖਰਚ ਹੋਣਾ ਚਾਹੀਦਾ ਹੈ। ਆਪ ਆਗੂਆਂ ਵਲੋਂ ਦਿੱਤੇ ਮੰਗ ਪੱਤਰ ਵਿਚ ਕਿਹਾ ਗਿਆ ਕਿ ਕਾਰਪੋਰੇਸ਼ਨ ਵਲੋਂ ਸਫਾਈ ਸੇਵਕਾਂ ਉਪਰ ਲੋਕਾਂ ਦੇ ਘਰਾਂ ਵਿਚ ਕੂੜਾ ਚੁੱਕਣ ਤੇ ਲਗਾਈ ਪਾਬੰਦੀ ਵੀ ਗਲਤ ਹੈ ਕਿਉਂਕਿ ਉਹ ਕੂੜਾ ਚੁੱਕਣ ਦੇ ਬਦਲੇ ਹਰ ਘਰੋਂ ਕਰੀਬ ਚਾਲੀ ਤੋਂ ਪੰਜਾਹ ਰੁਪਏ ਮਹੀਨਾਂ ਲੈਂਦੇ ਹਨ ਜੋ ਕਿ ਉਹਨਾਂ ਦੀ ਰੋਜੀ ਰੋਟੀ ਦਾ ਹਿੱਸਾ ਹੈ। ਇਸ ਤੋਂ ਇਲਾਵਾ ਸ਼ਹਿਰ ਅੰਦਰ ਸਟਰੀਟ ਲਾਈਟਾਂ ਦੀ ਮੁਰੰਮਤ, ਸੀਵਰੇਜ ਦੀ ਸਫਾਈ, ਟੁੱਟੀਆਂ ਸੜਕਾਂ ਅਤੇ ਵਾਟਰ ਸਪਲਾਈ ਦੇ ਕੰਮ ਪਹਿਲ ਦੇ ਅਧਾਰ ਤੇ ਕਰਵਾਉਣ ਦੀ ਮੰਗ ਵੀ ਕੀਤੀ ਗਈ। ਵਫਦ ਨੇ ਨੇੜਲੇ ਭਵਿੱਖ ਵਿਚ ਹੋਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਨੂੰ ਦੇਖਦੇ ਹੋਏ ਇਮਾਨਦਾਰੀ ਨਾਲ ਨਵੀਂ ਵਾਰਡਬੰਦੀ ਦੇ ਕੰਮ ਵਿਚ ਏ.ਡੀ.ਸੀ. ਤੋਂ ਸਹਿਯੋਗ ਦੀ ਮੰਗ ਕਰਦਿਆਂ ਭਰੋਸਾ ਦਿੱਤਾ ਕਿ ਜਿਹੜੇ ਦੋ ਮੈਂਬਰਾਂ ਜਿਲ੍ਹਾ ਕੋਆਰਡੀਨੇਟਰ ਮੈਡਮ ਲਲਿਤ ਅਤੇ ਜਿਲ੍ਹਾ ਸਕੱਤਰ ਨਿਰਮਲ ਸਿੰਘ ਨੂੰ ਪੰਜਾਬ ਵਾਰਡ ਬੰਦੀ ਬੋਰਡ ਲਈ ਪਾਰਟੀ ਵਲੋਂ ਨਾਮਜਦ ਕੀਤੇ ਗਏ ਹਨ, ਉਹ ਪੂਰੀ ਤਨਦੇਹੀ ਨਾਲ ਸਮੂਹ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਵਿਚ ਲੈ ਕੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨਗੇ। ਏ.ਡੀ.ਸੀ. ਮੈਡਮ ਨੂੰ ਖਾਸ ਤੌਰ ਤੇ ਇਹ ਬੇਨਤੀ ਵੀ ਕੀਤੀ ਗਈ ਕਿ ਵਿਕਾਸ ਦੇ ਕੰਮਾਂ ‘ਚ ਫੋਟੋ ਕਲਚਰ ਵਾਲੇ ਲੋਕਾਂ ਨੂੰ ਦੂਰ ਰੱਖਿਆ ਜਾਵੇ। ਆਪ ਆਗੂਆਂ ਨੇ ਸਫਾਈ ਸੇਵਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ ਸੁਥਰਾ ਬਨਾਉਣ ਵਿਚ ਕਾਰਪੋਰੇਸ਼ਨ ਦਾ ਪੂਰਾ ਸਹਿਯੋਗ ਕਰਨ। ਇਸ ਮੌਕੇ ਜਿਲ੍ਹਾ ਕੋਆਰਡੀਨੇਟਰ ਮੈਡਮ ਲਲਿਤ, ਜਿਲ੍ਹਾ ਜੁਆਇੰਟ ਸਕੱਤਰ ਡਾ. ਜਤਿੰਦਰ ਪਰਹਾਰ, ਯੂਥ ਕੋਆਰਡੀਨੇਟਰ ਬਲਜੀਤ ਸਿੰਘ ਤੋਂ ਇਲਾਵਾ ਵਿੱਕੀ ਸਿੰਘ, ਸੋਨੀ ਵਾਲੀਆ, ਐਡਵੋਕੇਟ ਗੁਰਦੀਪ ਸਿੰਘ ਸੰਗਰ, ਭੁਪਿੰਦਰ ਸਿੰਘ ਬਸਰਾ, ਨਿਤਿਨ ਮਿੱਟੂ, ਗੁਲਸ਼ਨ ਕੁਮਾਰ, ਸਰਵਰ ਆਲਮ ਆਦਿ ਵੀ ਹਾਜਰ ਸਨ।