You are currently viewing ਮੁਹਾਲੀ ਬਲਾਸਟ ਮਾਮਲੇ ‘ਚ 2 ਸ਼ੱਕੀ ਨੌਜਵਾਨ ਦਬੋਚੇ, ਹੁਣ ਤੱਕ ਹੋਏ ਕਈ ਖੁਲਾਸੇ

ਮੁਹਾਲੀ ਬਲਾਸਟ ਮਾਮਲੇ ‘ਚ 2 ਸ਼ੱਕੀ ਨੌਜਵਾਨ ਦਬੋਚੇ, ਹੁਣ ਤੱਕ ਹੋਏ ਕਈ ਖੁਲਾਸੇ

ਚੰਡੀਗੜ੍ਹ: ਪੰਜਾਬ ਦੇ ਮੁਹਾਲੀ ਸਥਿਤ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ‘ਤੇ ਬੀਤੀ ਰਾਤ ਹੋਏ ਹਮਲੇ ‘ਚ ਪੰਜਾਬ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਸਕੈਨਿੰਗ ਵਿੱਚ ਅਜੇ ਤੱਕ ਹਮਲਾਵਰਾਂ ਦਾ ਪਤਾ ਨਹੀਂ ਲਾ ਸਕੀ ਹੈ।

ਸੂਤਰਾਂ ਮੁਤਾਬਕ NIA, IB ਤੇ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਗੈਰ ਰਸਮੀ ਤੌਰ ‘ਤੇ ਘਟਨਾ ਸਥਾਨ ਦਾ ਦੌਰਾ ਕੀਤਾ। ਅੱਤਵਾਦ ਵਿਰੋਧੀ ਮਾਹਰ ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਰਾਜ ਦੇ ਪੁਲਿਸ ਦਫ਼ਤਰ ‘ਤੇ ਹਮਲੇ ਲਈ RPG ਦੀ ਵਰਤੋਂ ਕੀਤੀ ਗਈ ਹੋਵੇ। ਇੰਟੈਲੀਜੈਂਸ ਵਿੰਗ ਦਾ ਦਫ਼ਤਰ ਫਿਲਹਾਲ ਖੁੱਲ੍ਹਾ ਹੈ ਪਰ ਸਟਾਫ ਲਈ ਦਾਖਲਾ ਸੀਮਤ ਹੈ।

ਪੁਲਿਸ ਇਸ ਧਮਾਕੇ ਵਿੱਚ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਉਰਫ਼ ਰਿੰਦਾ ਦੀ ਭੂਮਿਕਾ ਦੀ ਜਾਂਚ ਵੀ ਕਰ ਰਹੀ ਹੈ। ਰਿੰਦਾ ਪਾਕਿਸਤਾਨ ਵਿੱਚ ਮੌਜੂਦ ਹੈ। ਉਹ ਫਿਰੋਜ਼ਪੁਰ ਤੋਂ ਤੇਲੰਗਾਨਾ ਹਥਿਆਰਾਂ ਦੀ ਤਸਕਰੀ ਦੇ ਕੇਸ ਤੋਂ ਇਲਾਵਾ ਨਵਾਂਸ਼ਹਿਰ ਪੁਲਿਸ CIA ਦਫ਼ਤਰ ਬਲਾਸਟ ਵਿੱਚ ਵੀ ਲੋੜੀਂਦਾ ਹੈ।

ਇੱਕ ਅਧਿਕਾਰੀ ਨੇ ਮੀਡੀਆ ਨੂੰ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਇਸ ਵਾਰ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ‘ਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ। ਇਹ ਚਿੰਤਾਜਨਕ ਹੈ ਕਿ ਅੱਤਵਾਦੀ ਸਮੂਹ ਅਜਿਹੇ ਕੰਮ ਕਰਨ ਲਈ ਪੈਸੇ ਦੀ ਪੇਸ਼ਕਸ਼ ਕਰਕੇ ਨੌਜਵਾਨਾਂ ਨੂੰ ਆਸਾਨੀ ਨਾਲ ਭਰਤੀ ਕਰ ਰਹੇ ਹਨ।

ਪਹਿਲਾਂ ਮਿਲੀ ਰਿਪੋਰਟ ਮੁਤਾਬਕ ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਹਮਲੇ ਵਿੱਚ ਦੋ ਵਿਅਕਤੀ ਸ਼ਾਮਲ ਸਨ। ਉੱਚ ਪੱਧਰੀ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਾਂਚ ਟੀਮਾਂ ਨੂੰ ਸ਼ੱਕ ਹੈ ਕਿ ਦੋਵੇਂ ਚਿੱਟੇ ਰੰਗ ਦੀ ਡਿਜ਼ਾਇਰ ਕਾਰ ‘ਚ ਆਏ ਸਨ।

ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ਉਨ੍ਹਾਂ ਦਾ ਨਿਸ਼ਾਨਾ ਸਪੱਸ਼ਟ ਤੌਰ ‘ਤੇ ਇਮਾਰਤ ਨੂੰ ਨੁਕਸਾਨ ਪਹੁੰਚਾਉਣਾ ਸੀ ਪਰ ਅਜਿਹਾ ਲੱਗਦਾ ਹੈ ਕਿ ਗ੍ਰਨੇਡ ਇੱਕ ਕੰਧ ਨਾਲ ਟਕਰਾ ਗਿਆ, ਇਸ ਤਰ੍ਹਾਂ ਇਸਦਾ ਪ੍ਰਭਾਵ ਘੱਟ ਗਿਆ। ਉਨ੍ਹਾਂ ਕਿਹਾ ਕਿ ਇਮਾਰਤ ਵਿੱਚ ਤਾਇਨਾਤ ਅਧਿਕਾਰੀਆਂ ਨੇ ਵੀ ਸ਼ੁਰੂ ਵਿੱਚ ਇਸ ਨੂੰ ਐਲਪੀਜੀ ਸਿਲੰਡਰ ਦਾ ਧਮਾਕਾ ਸਮਝਿਆ ਸੀ। ਇਸ ਸਬੰਧੀ ਥਾਣਾ ਸੋਹਾਣਾ ‘ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਉਧਰ ਇਸ ਮਾਮਲੇ ‘ਤੇ ਬਿਆਨ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਅੱਜ ਸ਼ਾਮ ਤੱਕ ਸਾਫ ਹੋ ਜਾਏਗਾ। ਕੁਝ ਗ੍ਰਿਫਤਾਰੀਆਂ ਹੋਈਆਂ ਹਨ ਤੇ ਕੁਝ ਹੋਰ ਹੋ ਜਾਣਗੀਆਂ।