ਫਗਵਾੜਾ 10 ਮਈ
ਸਦਭਾਵਨਾ ਆਲ ਇੰਡੀਆ ਐਂਟੀ ਕੁਰੱਪਸ਼ਨ ਕਮੇਟੀ ਦਾ ਇਕ ਵਫਦ ਅੱਜ ਕਮੇਟੀ ਦੇ ਪੰਜਾਬ ਚੇਅਰਮੈਨ ਅਤੇ ਰਾਸ਼ਟਰੀ ਵਾਲਮੀਕਿ ਸਭਾ ਦੇ ਪ੍ਰਧਾਨ ਪਵਨ ਸੇਠੀ ਦੀ ਅਗਵਾਈ ਹੇਠ ਵੁਮੈਨ ਸੈਲ ਫਗਵਾੜਾ ਦੇ ਇੰਚਾਰਜ ਸੁਖਵਿੰਦਰ ਸਿੰਘ ਨੂੰ ਮਿਲਿਆ। ਵਫਦ ਵਿਚ ਕਮੇਟੀ ਪ੍ਰਧਾਨ ਤਜਿੰਦਰ ਸਿੰਘ ਬਸਰਾ, ਮੀਤ ਪ੍ਰਧਾਨ ਧਰਮਿੰਦਰ, ਮੀਡੀਆ ਇੰਚਾਰਜ ਗੁਰਮੁਖ ਸਿੰਘ ਅਤੇ ਰਾਮ ਮੂਰਤੀ ਖਲਵਾੜਾ ਵੀ ਉਚੇਰੇ ਤੌਰ ਤੇ ਸ਼ਾਮਲ ਸਨ। ਪਵਨ ਸੇਠੀ ਅਤੇ ਹੋਰਨਾਂ ਨੇ ਸੁਖਵਿੰਦਰ ਸਿੰਘ ਨੂੰ ਬਤੌਰ ਵੁਮੈਨ ਸੈਲ ਇੰਚਾਰਜ ਅਹੁਦਾ ਸੰਭਾਲਣ ਲਈ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਪਵਨ ਸੇਠੀ ਨੇ ਕਿਹਾ ਕਿ ਵੁਮੈਨ ਸੈਲ ਵਿਚ ਆਉਣ ਵਾਲੇ ਘਰੇਲੂ ਮਾਮਲਿਆਂ ਨੂੰ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਉਣ ਅਤੇ ਪਰਿਵਾਰਾਂ ਦੀ ਗ੍ਰਹਿਸਥੀ ਨੂੰ ਟੁੱਟਣ ਤੋਂ ਬਚਾਉਣ ਲਈ ਉਹਨਾਂ ਦੀ ਜੱਥੇਬੰਦੀ ਪੂਰਾ ਸਹਿਯੋਗ ਕਰੇਗੀ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿਚ ਪੁਲਿਸ ਵਿਭਾਗ ਤੇ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਸ਼ਹਿਰ ਦੀ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣਾ ਤੇ ਸਾਰੇ ਹੀ ਭਾਈਚਾਰਿਆਂ ਵਿਚ ਆਪਸੀ ਸਾਂਝ ਨੂੰ ਮਜਬੂਤ ਕਰਨਾ ਉਹਨਾਂ ਦੀ ਕਮੇਟੀ ਆਪਣਾ ਫਰਜ਼ ਸਮਝਦੀ ਹੈ। ਵੁਮੈਨ ਸੈਲ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰਕ ਝਗੜਿਆਂ ਨੂੰ ਆਪਸ ਵਿਚ ਹੀ ਮਿਲ ਬੈਠ ਕੇ ਨਿਪਟਾ ਲੈਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ ਅਤੇ ਪੁਲਿਸ ਦਾ ਕੀਮਤੀ ਸਮਾਂ ਜਾਇਆ ਨਾ ਹੋਵੇ। ਜੇਕਰ ਪਤੀ ਅਤੇ ਪਤਨੀ ਇਕ ਦੂਸਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਤਾਂ ਝਗੜਾ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਉਹਨਾਂ ਸਮੂਹ ਪਰਿਵਾਰਾਂ ਅਤੇ ਖਾਸ ਤੌਰ ਤੇ ਨੌਜਵਾਨ ਪਤੀ ਪਤਨੀ ਨੂੰ ਪੁਰਜੋਰ ਅਪੀਲ ਕੀਤੀ ਕਿ ਜੇਕਰ ਇਕ ਨੂੰ ਗੁੱਸਾ ਆਇਆ ਹੈ ਤਾਂ ਦੂਸਰੇ ਨੂੰ ਠੰਡਾ ਰਹਿਣਾ ਚਾਹੀਦਾ ਹੈ। ਛੋਟੇ ਮੋਟੇ ਝਗੜੇ ਹਰ ਪਰਿਵਾਰ ਵਿਚ ਹੁੰਦੇ ਹਨ ਪਰ ਇਸ ਤਰ੍ਹਾਂ ਕਰਨ ਨਾਲ ਪਰਿਵਾਰ ਵਿਚ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਗੱਲ ਪੁਲਿਸ ਥਾਣਿਆਂ ਤੱਕ ਨਹੀਂ ਪਹੁੰਚਦੀ।