ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਿੱਚ ਆਏ ਦਿਨ ਨਵੇਂ ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਸੇ ਕੜੀ ਵਿੱਚ ਇਕ ਹੋਰ ਹੁਕਮ ਜਾਰੀ ਕਰਦੇ ਹੋਏ ਸੂਬੇ ਵਿੱਚ ਜੁਗਾੜੂ ਰੇਹੜੀਆਂ ‘ਤੇ ਬੀਤੇ ਦਿਨ ਪਾਬੰਦੀ ਲਾ ਦਿੱਤੀ ਗਈ ਸੀ, ਫਿਲਹਾਲ ਇਨ੍ਹਾਂ ਹੁਕਮਾਂ ਨੂੰ ਵਾਪਿਸ ਲੈ ਲਿਆ ਗਿਆ ਹੈ।
ਇਸ ਨੂੰ ਲੈ ਕੇ ਵਧੀਕ ਡਾਇਰੈਕਟਰ ਜਨਰਲ ਪੁਲਿਸ (ADGP) ਟ੍ਰੈਫਿਕ ਵੱਲੋਂ ਅੰਮ੍ਰਿਤਸਰ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੇ ਸਮੂਹ ਪੰਜਾਬ ਪੁਲਿਸ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਸੂਬੇ ਵਿੱਚ ਮੋਟਰ ਸਾਈਕਲ (ਜੁਗਾੜੂ) ਰੇਹੜੀਆਂ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮਾਂ ਨੂੰ ਫਿਲਹਾਲ ਰੋਕ ਦਿੱਤਾ ਜਾਵੇ।
ਇਸ ਦੇ ਨਾਲ ਹੀ ਨਵੇਂ ਹੁਕਮਾਂ ਵਿੱਚ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਟ੍ਰੈਫਿਕ ਪੁਲਿਸ ਇਸ ਸੰਬੰਧੀ ਪੂਰੇ ਸੂਬੇ ਵਿੱਚ ਤਾਇਨਾਤ ਟ੍ਰੈਫਿਕ ਐਜੂਕੇਸ਼ ਸੈੱਲਾਂ ਰਾਹੀਂ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾਵੇ। ਕਿਉਂਕਿ ਮੋਟਰ ਵ੍ਹੀਕਲ ਐਕਟ, ਸੁਪਰੀਮ ਕੋਰਟ ਤੇ ਪੰਜਾਬ ਤੇ ਹਰਿਆਣਾ ਕੋਰਟ ਦੇ ਹੁਕਮਾਂ ਮੁਤਾਬਕ ਇਹ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਅਧੀਨ ਅਜਿਹੀਆਂ ਗੱਡੀਆਂ/ ਰੇਹੜੀਆਂ ਬਣਾ ਕੇ ਚਲਾਉਣਾ ਗੈਰ-ਕਾਨੂੰਨੀ ਹੈ।