ਪੰਜਾਬ ਵੱਲੋਂ ਮੋਟਰਸਾਈਕਲ ਰੇਹੜੀਆਂ (ਜੁਗਾੜ) ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ ਅਤੇ ਪੰਜਾਬ ਪੁਲੀਸ ਨੂੰ ਆਦੇਸ਼ ਦਿੱਤੇ ਹਨ ਕਿ ਹਾਦਸਿਆਂ ਦਾ ਕਾਰਨ ਬਣਨ ਵਾਲੀਆਂ ਅਜਿਹੀਆਂ ਜੁਗਾੜ ਰੇਹੜੀਆਂ ਨੂੰ ਬੰਦ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਮੋਟਰਸਾਈਕਲ ਰੇਹੜੀਆਂ ਤੇ ਲਾਈ ਪਾਬੰਦੀ ਦੇ ਫ਼ੈਸਲੇ ਕਰਕੇ ਪੰਜਾਬ ਵਿੱਚ ਮਾਹੌਲ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ। ਅੱਜ ਰੇਹੜੀ ਚਾਲਕਾਂ ਵੱਲੋਂ ਬਠਿੰਡਾ ਵਿੱਚ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਕੋਠੀ ਦਾ ਘਿਰਾਓ ਕਰਕੇ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ।
ਰੇਹੜੀ ਚਾਲਕਾਂ ਗੁਰਨਾਮ ਸਿੰਘ, ਪ੍ਰਦੀਪ ਕੁਮਾਰ, ਗੁਰਪੀਤ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ, ਕਾਲਾ ਸਿੰਘ, ਮੰਗੀ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵੱਲੋਂ ਪੂਰਨ ਬਹੁਮਤ ਦੇ ਕੇ ਬਣਾਈ ਹੈ, ਇਸ ਸਰਕਾਰ ਤੋਂ ਹਰ ਵਰਗ ਨੂੰ ਰੁਜ਼ਗਾਰ ਦੀ ਉਮੀਦ ਜਾਗੀ ਸੀ, ਪਰ ਹੁਣ ਖੁਦ ਮੁੱਖਮੰਤਰੀ ਭਗਵੰਤ ਸਿੰਘ ਮਾਨ ਜੋ ਸ਼ਹੀਦ ਭਗਤ ਸਿੰਘ ਦਾ ਬਦਲ ਬਣਨਾ ਚਾਹੁੰਦੇ ਹਨ ਵੱਲੋਂ ਗ਼ਲਤ ਫ਼ੈਸਲੇ ਰਾਹੀਂ ਗ਼ਰੀਬ ਲੋਕਾਂ ਦਾ ਹੀ ਰੁਜ਼ਗਾਰ ਖੋਹਣ ਦਾ ਫ਼ੈਸਲਾ ਕੀਤਾ ਹੈ ਜੋ ਬਰਦਾਸ਼ਤ ਯੋਗ ਨਹੀਂ । ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਵਿੱਚ ਹਜ਼ਾਰਾਂ ਗ਼ਰੀਬ ਪਰਿਵਾਰ ਬੇਰੁਜ਼ਗਾਰ ਹੋ ਜਾਣਗੇ, ਕਿਉਂਕਿ ਉਹ ਇਸ ਰੇਹੜੀ ਨਾਲ ਆਪਣਾ ਰੋਜ਼ਾਨਾ ਕਮਾ ਕੇ ਘਰ ਚਲਾਉਂਦੇ ਸਨ । ਉਨ੍ਹਾਂ ਮੰਨਿਆ ਕਿ ਕਈ ਰੇਹੜੀਆਂ ਤੇ ਓਵਰ ਲੋਡਿੰਗ ਕਰ ਕੇ ਹਾਦਸੇ ਵਾਪਰਦੇ ਹਨ ਪਰ ਪੰਜਾਬ ਸਰਕਾਰ ਅਤੇ ਪੁਲੀਸ ਵਿਭਾਗ ਨੂੰ ਚਾਹੀਦਾ ਹੈ ਕਿ ਇਨ੍ਹਾਂ ਰੇਹੜੀਆਂ ਨੂੰ ਨਿਯਮਾਂ ਅਨੁਸਾਰ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਇਨ੍ਹਾਂ ਰੇਹੜੀਆਂ ਨਾਲ ਆਪਣਾ ਰੁਜ਼ਗਾਰ ਚਲਾ ਸਕਣ ਕਿਉਂਕਿ ਦਾਣਾ ਮੰਡੀ ਵਿਚ ਕਣਕ ਦੀ ਢੋਆ ਢੁਆਈ ਅਤੇ ਗਲੀਆਂ ਮੁਹੱਲਿਆਂ ਵਿੱਚ ਸਾਮਾਨ ਦੀ ਢੋਅ ਢੁਆਈ ਲਈ ਇਹ ਰੇਹੜੀਆਂ ਲਾਹੇਵੰਦ ਸਾਬਤ ਹੁੰਦੀਆਂ ਹਨ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਫ਼ੈਸਲੇ ਨੂੰ ਰੱਦ ਕਰੇ ਅਤੇ ਪੁਲੀਸ ਵੱਲੋਂ ਕੱਟੇ ਗਏ ਚਲਾਨ ਰੱਦ ਕੀਤੇ ਜਾਣ ।
ਇਸ ਮੌਕੇ ਪੀੜਤ ਰੇਹੜੀ ਚਾਲਕ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਰੈੱਡ ਲਾਈਟ ਜੰਪ ਦਾ ਕਰੀਬ 5500 ਰੁਪਏ ਦਾ ਚਲਾਨ ਕੱਟਿਆ ਹੈ ਜੋ ਉਹ ਭਰਨ ਤੋਂ ਵੀ ਅਸਮਰੱਥ ਹੈ । ਰੇਹੜੀ ਚਾਲਕਾਂ ਵੱਲੋਂ ਵਿਧਾਇਕ ਗਿੱਲ ਦੇ ਕੀਤੇ ਗਏ ਘਿਰਾਓ ਮੌਕੇ ਥਾਣਾ ਕੈਨਾਲ ਦੇ ਐਸਐਚਓ ਕ੍ਰਿਸ਼ਨ ਸਿੰਘ ਵੀ ਪਹੁੰਚੇ ਤੇ ਉਨ੍ਹਾਂ ਉਕਤ ਪ੍ਰਦਰਸ਼ਨਕਾਰੀਆਂ ਦੀ ਵਿਧਾਇਕਾਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕੀਤਾ ।