You are currently viewing ਪੰਜਾਬ ‘ਚ ਮਿਲਾਵਟਖ਼ੋਰੀ `ਤੇ ਸ਼ਿਕੰਜਾ ਕੱਸਣ ਨਾਲ ਲੋਕਾਂ ਨੂੰ ਮਿਲੇਗਾ ਖ਼ਾਲਸ ਦੁੱਧ ਤੇ ਵਧੀਆ ਗੁਣਵੱਤਾ ਦੇ ਦੁੱਧ ਪਦਾਰਥ: ਡਾ ਵਿਜੈ ਸਿੰਗਲਾ

ਪੰਜਾਬ ‘ਚ ਮਿਲਾਵਟਖ਼ੋਰੀ `ਤੇ ਸ਼ਿਕੰਜਾ ਕੱਸਣ ਨਾਲ ਲੋਕਾਂ ਨੂੰ ਮਿਲੇਗਾ ਖ਼ਾਲਸ ਦੁੱਧ ਤੇ ਵਧੀਆ ਗੁਣਵੱਤਾ ਦੇ ਦੁੱਧ ਪਦਾਰਥ: ਡਾ ਵਿਜੈ ਸਿੰਗਲਾ

ਚੰਡੀਗੜ੍ਹ: ਸੂਬੇ ਭਰ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਮਿਲਾਵਟਖੋਰੀ ਨੂੰ ਠੱਲ੍ਹ ਪਾਉਣ ਲਈ ਸ਼ਨਿਚਰਵਾਰ ਨੂੰ ਰਾਜ ਪੱਧਰੀ ਨਿਰੀਖਣ ਅਭਿਆਨ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਅੰਤਰ ਜਿ਼ਲ੍ਹਾ ਸਿਹਤ ਟੀਮਾਂ ਨੇ ਵੱਖ-ਵੱਖ ਜਿ਼ਿਲ੍ਹਆਂ ਤੋਂ ਸੈਂਪਲ ਲਏ ਤਾਂ ਜੋ ਲੋਕਾਂ ਨੂੰ ਖ਼ਾਲਸ ਦੁੱਧ ਅਤੇ ਦੁੱਧ ਤੋਂ ਬਣੀਆਂ ਵਧੀਆ ਵਸਤਾਂ ਉਪਲਬਧ ਕਰਵਾਈਆਂ ਜਾ ਸਕਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ 7 ਅੰਤਰ ਜਿ਼ਲ੍ਹਾ ਸਿਹਤ ਟੀਮਾਂ ਵੱਲੋਂ ਵੱਖ ਵੱਖ ਜਿ਼ਲ੍ਹਿਆਂ ਵਿਚ ਜਾ ਕੇ ਚੈਕਿੰਗ ਕੀਤੀ ਗਈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਨੇ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਅਤੇ ਹੋਰ ਵਸਤਾਂ ਦੇ ਕੁੱਲ 65 ਸੈਂਪਲ ਲਏ ।
ਡਾ. ਸਿੰਗਲਾ ਨੇ ਦੱਸਿਆ ਕਿ ਐਸ.ਏ.ਐਸ. ਨਗਰ ਵਿੱਚ ਸੰਗਰੂਰ ਤੋਂ ਆਈ ਟੀਮ ਨੇ 12 ਸੈਂਪਲ ਲਏ ਜਿਨ੍ਹਾਂ ਵਿੱਚੋਂ 3 ਪਨੀਰ ਦੇ, 2 ਦੁੱਧ ਦੇ, 1 ਖੋਏ ਦਾ, 1 ਕਰੀਮ ਦਾ, 1 ਦਹੀ ਦਾ, 1 ਆਈਸਕ੍ਰੀਮ ਦਾ, 1 ਮਿਲਕ ਕੇਕ ਦਾ ਅਤੇ 1 ਕਲਾਕੰਦ ਦਾ ਸੈਂਪਲ ਹੈ।

ਇਸੇ ਤਰ੍ਹਾਂ ਲੁਧਿਆਣਾ ਜਿ਼ਲ੍ਹੇ ਵਿੱਚ ਅੰਮ੍ਰਿਤਸਰ ਤੋਂ ਆਈ ਟੀਮ ਨੇ ਪੰਜਾਬ ਐਗਰੋ ਫੂਡਜ਼ ਵਿੱਲ ਮੇਹਲੋਂ ਫੋਕਲ ਪੁਆਇੰਟ ਨਾਮੀ ਪੈਕਿੰਗ ਯੂਨਿਟ ਤੋਂ 795 ਲੀਟਰ ਸ਼ੱਕੀ ਦੇਸੀ ਘਿਓ ਜ਼ਬਤ ਕੀਤਾ ਅਤੇ ਪੰਜਾਬ ਮੇਲ ਅਤੇ ਦਾਨਵੀਰ ਮਾਰਕਾ ਦੇਸੀ ਘਿਓ ਦੇ 2 ਸੈਂਪਲ ਲਏ। ਇਸ ਤੋਂ ਇਲਾਵਾ ਟੀਮ ਨੇ ਵੱਖ-ਵੱਖ ਡੇਅਰੀਆਂ ਅਤੇ ਮਠਿਆਈ ਦੀਆਂ ਦੁਕਾਨਾਂ ਤੋਂ ਪਨੀਰ ਦੇ 2, ਦਹੀਂ ਦਾ 1 , ਦੁੱਧ 2, ਮਠਿਆਈਆਂ (ਖੋਆ ਬਰਫੀ, ਮਿਲਕ ਕੇਕ ਅਤੇ ਗੁਲਾਬੀ ਚਮਚਮ) ਦੇ 8 ਹੋਰ ਸੈਂਪਲ ਲਏ।

ਅੰਮ੍ਰਿਤਸਰ ਜਿਲ੍ਹੇ ਵਿੱਚ ਕਪੂਰਥਲਾ ਅਤੇ ਫੂਡ ਸੇਫ਼ਟੀ ਅਫ਼ਸਰ ਜਲੰਧਰ ਦੀ ਟੀਮ ਨੇ 5 ਸੈਂਪਲ ਲਏ ਜਿਸ ਵਿੱਚ 1 ਖੋਏ ਦਾ, 2 ਦੇਸੀ ਘਿਓ ਅਤੇ 2 ਪਨੀਰ ਦੇ ਸੈਂਪਲ ਹਨ।

ਇਸੇ ਤਰ੍ਹਾਂ ਮਾਨਸਾ ਵਿਖੇ ਬਠਿੰਡਾ ਤੋਂ ਆਈ ਟੀਮ ਨੇ ਤੜਕਸਾਰ ਮੁਹਿੰਮ ਸ਼ੁਰੂ ਕੀਤੀ ਅਤੇ 8 ਸੈਂਪਲ ਲਏ ਜਿਸ ਵਿਚ 1 ਦੁੱਧ ਦਾ ਸੈਂਪਲ, 2 ਪਨੀਰ ਦੇ, 1 ਖੋਆ, 1 ਦੇਸੀ ਘੀ, 1 ਮਲਾਈ, 1 ਦਹੀ ਅਤੇ 1 ਕੈਂਡੀ ਸ਼ਾਮਲ ਹਨ।

ਬਰਨਾਲਾ ਜ਼ਿਲ੍ਹੇ ਵਿੱਚ ਮਾਨਸਾ ਤੋਂ ਆਈ ਟੀਮ ਨੇ 8 ਸੈਂਪਲ ਲਏ, ਜਿਨ੍ਹਾਂ `ਚੋਂ 1 ਖੋਆ, 2 ਦੇਸੀ ਘਿਓ, 3 ਆਈਸਕ੍ਰੀਮ ਅਤੇ 2 ਹੋਰ ਦੁੱਧ ਪਦਾਰਥਾਂ ਦੇ ਸੈਂਪਲ ਹਨ।

ਸੰਗਰੂਰ ਜ਼ਿਲ੍ਹੇ ਵਿੱਚ ਫਤਿਹਗੜ੍ਹ ਸਾਹਿਬ ਦੀ ਟੀਮ ਨੇ 9 ਸੈਂਪਲ ਲਏ, ਜਿਨ੍ਹਾਂ ਵਿੱਚੋਂ 2 ਖੋਆ, 2 ਪਨੀਰ, 1 ਦੁੱਧ, 1 ਦੇਸੀ, 1 ਦੁੱਧ ਅਤੇ 3 ਰਵਾਇਤੀ ਮਠਿਆਈਆਂ ਦੇ ਹਨ।

ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ  ਵਿੱਚ ਲੁਧਿਆਣਾ ਦੀ ਟੀਮ ਨੇ 13 ਸੈਂਪਲ ਲਏ, ਜਿਨ੍ਹਾਂ ਵਿੱਚੋਂ 3 ਦੁੱਧ ਦੇ, 5 ਦੇਸੀ ਘਿਓ, 4 ਪਨੀਰ ਅਤੇ 1 ਮੱਖਣ ਦਾ ਸੈਂਪਲ ਹੈ।

ਸਿਹਤ ਮੰਤਰੀ ਨੇ ਕਿਹਾ ਮਿਲਾਵਟਖੋ਼ਰੀ ਕਰਕੇ ਲੋਕਾਂ ਦੀ ਜਿ਼ੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸਿ਼ਆ ਨਹੀਂ ਜਾਵੇਗਾ ਅਤੇ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।