ਫਗਵਾੜਾ 3 ਅਪ੍ਰੈਲ
ਅੱਜ ਕੱਲ ਹਰ ਛੋਟਾ ਜਾਂ ਵੱਡਾ ਵਿਰੋਧ ਪ੍ਰਦਰਸ਼ਨ ਹਾਈ-ਵੇ ਜਾਮ ਕਰਕੇ ਕਰਨ ਦਾ ਪ੍ਰਚਲਨ ਆਮ ਹੋ ਗਿਆ ਹੈ ਪਰ ਇਸ ਨਾਲ ਆਮ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ ਜਾਂ ਅਕਸਰ ਕਿੰਨਾ ਵੱਡਾ ਨੁਕਸਾਨ ਹੋ ਜਾਂਦਾ ਹੈ, ਇਸ ਦਾ ਅੰਦਾਜਾ ਹਾਈ-ਵੇ ਜਾਮ ਕਰਨ ਵਾਲਿਆਂ ਨੂੰ ਜਰੂਰ ਲਗਾ ਲੈਣਾ ਚਾਹੀਦਾ ਹੈ ਕਿਉਂਕਿ ਹਾਈ-ਵੇ ਜਾਮ ਹੋਣ ਨਾਲ ਜੋ ਲੋਕ ਪਰੇਸ਼ਾਨ ਹੁੰਦੇ ਹਨ ਉਹਨਾਂ ਦੇ ਮੁਜਾਹਰਾਕਾਰੀਆਂ ਨਾਲ ਕਿਸੇ ਤਰ੍ਹਾਂ ਦਾ ਕੋਈ ਵੈਰ ਵਿਰੋਧ ਨਹੀਂ ਹੁੰਦਾ। ਆਮ ਲੋਕਾਂ ਨੂੰ ਤਾਂ ਬਿਨਾ ਮਤਲਬ ਪਰੇਸ਼ਾਨ ਹੋਣਾ ਪੈਂਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਆਗੂ ਡਾ. ਜਤਿੰਦਰ ਪਰਹਾਰ ਅਤੇ ਨਿਤਿਨ ਮੱਟੂ ਨੇ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਗਲਤ ਫੈਸਲਿਆਂ ਜਾਂ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਦਾ ਵਿਰੋਧ ਕਰਨਾ ਹਰ ਕਿਸੇ ਦਾ ਸੰਵਿਧਾਨਕ ਅਧਿਕਾਰ ਹੈ ਲੇਕਿਨ ਇਸ ਗੱਲ ਦਾ ਖਿਆਲ ਵੀ ਰੱਖਿਆ ਜਾਣਾ ਚਾਹੀਦਾ ਹੈ ਕਿ ਇਸ ਨਾਲ ਆਮ ਨਾਗਰਿਕਾਂ ਦੇ ਅਧਿਕਾਰਾਂ ਦਾ ਘਾਣ ਨਾ ਹੋਵੇ। ਅਕਸਰ ਦੇਖਿਆ ਜਾਂਦਾ ਹੈ ਕਿ ਹਰ ਛੋਟੀ-ਵੱਡੀ ਗੱਲ ਨੂੰ ਲੈ ਕੇ ਸੜਕਾਂ ਬਲਾਕ ਕਰ ਦਿੱਤੀਆਂ ਜਾਂਦੀਆਂ ਹਨ, ਜੀਟੀ ਰੋਡ ਜਾਮ ਕਰ ਦਿੱਤੇ ਜਾਂਦੇ ਹਨ ਜੋ ਕਿ ਸਰਾਸਰ ਗਲਤ ਹੈ। ਅਜਿਹਾ ਕਰਨ ਨਾਲ ਐਂਬੁਲੈਂਸ ਵਿਚ ਜਾ ਰਹੇ ਕਿਸੇ ਮਰੀਜ ਦੀ ਜਾਨ ਜਾ ਸਕਦੀ ਹੈ। ਕਿਸੇ ਐਨ.ਆਰ.ਆਈ. ਦੀ ਫਲਾਈਟ ਮਿਸ ਹੋ ਸਕਦੀ ਹੈ ਜਾਂ ਕੋਈ ਆਪਣੀ ਪਰਿਵਾਰਕ ਖੁਸ਼ੀ ਜਾਂ ਗਮੀ ਵਿਚ ਸ਼ਾਮਲ ਹੋਣ ਤੋਂ ਵਾਂਝਾ ਹੋ ਸਕਦਾ ਹੈ। ਇਸ ਲਈ ਅੱਜ ਸਾਰੇ ਸਮਾਜ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਕਿਸੇ ਦੂਸਰੇ ਦੇ ਅਧਿਕਾਰ ਦਾ ਘਾਣ ਨਹੀਂ ਕੀਤਾ ਜਾ ਸਕਦਾ। ਡਾ. ਪਰਹਾਰ ਅਤੇ ਮੱਟੂ ਨੇ ਕਿਹਾ ਕਿ ਆਮ ਲੋਕਾਂ ਨੂੰ ਸਿਆਸੀ ਪਾਰਟੀਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ। ਕਿਉਂਕਿ ਉਹ ਤਾਂ ਸੜਕਾਂ ਜਾਮ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹੁੰਦੇ ਹਨ ਜਦਕਿ ਨੁਕਸਾਨ ਆਮ ਲੋਕਾਂ ਦਾ ਹੀ ਹੁੰਦਾ ਹੈ।