ਪੰਜਾਬ ‘ਚ ਪਹਿਲੀ ਵਾਰ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਚੰਡੀਗੜ੍ਹ ਸਥਿਤ ਗਵਰਨਰ ਹਾਊਸ ਤੋਂ ਬਾਹਰ ਹੋਣ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਵਿੱਚ ਮਿਲੇ ਭਾਰੀ ਬਹੁਮਤ ਤੋਂ ਬਾਅਦ ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਨੇਤਾ ਭਗਵੰਤ ਮਾਨ ਅਤੇ ਉਨ੍ਹਾਂ ਦੀ ਕੈਬਨਿਟ ਦੇ 6 ਮੰਤਰੀ 16 ਮਾਰਚ ਨੂੰ ਦੁਪਹਿਰ 12 ਵਜੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸਹੁੰ ਚੁੱਕਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੁੱਖ ਮੰਤਰੀ ਦੀ ਤਾਜਪੋਸ਼ੀ ਦਾ ਨਜ਼ਾਰਾ ਆਮ ਨਹੀਂ ਹੋਵੇਗਾ। ਸਮਾਰੋਹ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ। ਸਮਾਰੋਹ ‘ਤੇ ਲਗਭਗ ਦੋ ਕਰੋੜ ਰੁਪਏ ਖਰਚਾ ਆਏਗਾ, ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਸਰਕਾਰ ਦੇ ਸਹੁੰ ਚੁੱਕ ਸਮਾਗਮ ਨਾਲ ਜੁੜੀਆਂ ਤਿਆਰੀਆਂ ਦੀ ਕਮਾਨ ਸੂਬੇ ਦੇ ਸੀਨੀਅਰ ਅਫਸਰਾਂ ਨੇ ਸੰਭਾਲ ਲਈ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿੱਚ ਹੋਣ ਵਾਲੇ ਇਸ ਸਮਾਰੋਹ ਦੀਆਂ ਵਿਵਸਥਾਵਾਂ ਵਿੱਚ ਤਮਾਮ ਸੀਨੀਅਰ ਅਧਿਕਾਰੀ ਤੇ ਪੁਲਿਸ ਪ੍ਰਸ਼ਾਸਨ ਜੁਟਿਆ ਹੈ। ਪਿੰਡ ਵਿੱਚ ਇਸ ਦਿਨ ਜੁਟਣ ਵਾਲੀ ਭੀੜ ਦੇ ਨਾਲ-ਨਾਲ VVIP ਲੋਕਾਂ ਦੀਆਂ ਗੱਡੀਆਂ ਲਈ ਪਾਰਕਿੰਗ ਦੇ ਨਾਲ-ਨਾਲ 4 ਹੈਲੀਪੈਡ ਬਣਾਏ ਜਾ ਰਹੇ ਹਨ।
ਆਮ ਨਵੀਂ ਸਰਕਾਰ ਦੇ ਸਹੁੰ-ਚੁੱਕ ਸਮਾਰੋਹ ਵਿੱਚ ਭਾਰੀ ਭੀੜ ਜੁਟਣ ਦੇ ਆਸਾਰ ਹਨ। ਇਸੇ ਦੇ ਮੱਦੇਨਜ਼ਰ ਖਟਕੜਕਲਾਂ ਪਿੰਡ ਵਿੱਚ ਸਮਾਰੋਹ ਵਾਲੀ ਥਾਂ ‘ਤੇ ਇੱਖ ਲੱਖ ਲੋਕਾਂ ਦੇ ਬੈਠਣ ਤੇ ਖਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਪੰਡਾਲ ਵਿੱਚ 40 ਹਜ਼ਾਰ ਕੁਰਸੀਆਂ ਲਾਉਣ ਦੀ ਪਲਾਨਿੰਗ ਹੈ।
ਖਟਕੜਕਲਾਂ ਪਿੰਡ ਵਿੱਚ ਬਣੇ ਸ਼ਹੀਦ ਯਾਦਗਾਰ ਦੇ ਠੀਕ ਪਿੱਛੇ ਵਾਲੀ ਜ਼ਮੀਨ ‘ਤੇ ਖੜ੍ਹੀ ਘਾਹ ਨੂੰ ਹਟਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਜ਼ਮੀਨ ਨੂੰ ਸਾਫ ਕਰਕੇ ਇਥ ਡੋਮ ਸਟਾਈਲ ਟੈਂਟ ਲਾਇਆ ਜਾਵੇਗਾ। ਡੋਮ ਤੇ ਟੈਂਟ ਦਾ ਸਾਮਾਨ ਕਈ ਟਰੱਕਾਂ ਵਿੱਚ ਇਥੇ ਪਹੁੰਚ ਚੁੱਕਾ ਹੈ ਤੇ ਮਜ਼ਦੂਰ ਦਿਨ-ਰਾਤ ਇਸ ਨੂੰ ਇੰਸਟਾਲ ਕਰਨ ਵਿੱਚ ਜੁਟੇ ਹਨ। ਸਮਾਰੋਹ ਵਿੱਚ ਆਉਣ ਵਾਲੇ ਲੋਕਾਂ ਲਈ ਠੰਡੇ ਪਾਣੀ ਦੀ ਛਬੀਲ ਤੋਂ ਇਲਾਵਾ ਖਾਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਖਟਕੜਕਲਾਂ ਪਿੰਡ ਵਿੱਚ ਬਣੇ ਸ਼ਹੀਦ ਭਗਤ ਸਿੰਘ ਸਮਾਰਕ ਦੇ ਕੋਲ ਹੀ ਨਿੱਜੀ ਸਕੂਲ ਦੇ ਮੈਦਾਨ ਵਿੱਚ ਚਾਰ ਹੈਲੀਪੈਡ ਬਣਾਏ ਜਾ ਰਹੇ ਹਨ। ਪ੍ਰੋਗਰਾਮ ਵਿੱਚ ਪਹੁੰਚਣ ਵਾਲੇ ਦੂਜੇ ਰਾਜਾਂ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਪੰਜਾਬ ਦੇ ਗਵਰਨਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ VVIP ਦੇ ਹੈਲੀਕਾਪਟਰ ਇਨ੍ਹਾਂ ਹੈਲੀਪੈਡ ‘ਤੇ ਉਤਰਨਗੇ। ਸਕੂਲ ਦੇ ਮੈਦਾਨ ਤੋਂ ਇਹ ਲੋਕ ਸੜਕ ਰਸਤਿਓਂ ਯਾਦਗਾਰ ਪਿੱਛੇ ਬਣੇ ਪੰਡਾਲ ਤੱਕ ਪਹੁੰਚਣਗੇ।
ਪਿੰਡ ਵਿੱਚ ਪੰਚਾਇਤੀ ਜ਼ਮੀਨ ਦੀ ਕਮੀ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਖਟਕੜਕਲਾਂ ਪਿੰਡ ਦੇ ਕਿਸਾਨਾਂ ਤੋਂ ਤਕਰੀਬਨ 50 ਏਕੜ ਦੇ ਖੇਤ ਕਿਰਾਏ ‘ਤੇ ਲਏ ਹਨ। ਇਨ੍ਹਾਂ ਖੇਤਾਂ ਵਿੱਚ ਇਸ ਸਮੇਂ ਕਣਕ ਤੇ ਗੰਨੇ ਦੀ ਫਸਲ ਖੜ੍ਹੀ ਹੈ। ਨਵਾਂਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਇਸ ਫਸਲ ਦਾ ਮੁਆਵਜ਼ਾ ਦੇਣ ਦੀ ਕਮਿਟਮੈਂਟ ਕੀਤੀ ਹੈ। ਕਿਸਾਨਾਂ ਦੀ ਸਹਿਮਤੀ ਪਿੱਛੋਂ ਖੇਤਾਂ ਵਿੱਚ ਖੜ੍ਹੀ ਫਸਲ ਨੂੰ ਕੱਟਣ ਦਾ ਕੰਮ ਚੱਲ ਰਿਹਾ ਹੈ। ਇਥੇ 25 ਹਜ਼ਾਰ ਗੱਡੀਆਂ ਦੀ ਪਾਰਕਿੰਗ ਬਣਾਈ ਜਾਵੇਗੀ।
ਸਹੁੰ ਚੁੱਕ ਸਮਾਰੋਹ ਦੇ ਮੱਦੇਨਜ਼ਰ ਡੀਜੀਪੀ ਪੰਜਾਬ ਨੇ ਆਈਜੀ, ਐੱਸ.ਐੱਸ.ਪੀ., ਡੀ.ਸੀ.ਪੀ. ਤੇ ਏ.ਆਈ.ਜੀ ਸਣੇ 25 ਅਫਸਰਾਂ ਦੀ ਤਾਇਨਾਤੀ ਖਟਕੜਕਲਾਂ ਵਿੱਚ ਕਾਨੂੰਨ ਤੇ ਵਿਵਸਥਾ ਬਣਾਈ ਰਖਣ ਲਈ ਲਗਾਈ ਹੈ। ਇਹ ਸਾਰੇ ਅਧਿਕਾਰੀ 13 ਮਾਰਚ ਨੂੰ ਏਡੀਜੀਪੀ ਨੂੰ ਖਟਕੜਕਲਾਂ ਵਿੱਚ ਕੈਂਪ ਆਫਿਸ ਵਿੱਚ ਰਿਪੋਰਟ ਕਰਨਗੇ। ਨਵਾਂਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੀ ਛੋਟੇ-ਵੱਡੇ 30 ਅਫਸਰ ਤਿਆਰੀਆਂ ਵਿੱਚ ਜੁਟੇ ਹਨ।
ਨਵੇਂ ਬਣਨ ਵਾਲੇ ਮੁੱਖ ਮੰਤਰੀ ਭਗਵੰਤ ਮਨ ਦੇ ਨਵਨਿਯੁਕਤ ਮੁੱਖ ਸਕੱਤਰ ਵੇਣੂਪ੍ਰਸਾਦ ਵੀ ਐਤਵਾਰ ਨੂੰ ਨਵਾਂਸ਼ਹਿਰ ਪਹੁੰਚ ਰਹੇ ਹਨ। ਨਵਾਂਸ਼ਹਿਰ ਨਾਲ ਲੱਗਦੇ ਹੁਸ਼ਿਆਰਪੁਰ, ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਐੱਸ.ਡੀ.ਐੱਮ. ਤੇ ਡੀ.ਸੀ.ਪੀ. ਰੈਂਕ ਦੇ ਅਫਸਰ ਵੀ ਇਥੇ ਡਿਪਲਾਏ ਕੀਤੇ ਗਏ ਹਨ। ਸਮਾਰੋਹ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਚੀਫ ਸੈਕਟਰੀ ਤੇ ਡੀਜੀਪੀ ਦੇ ਵੀ ਇਥੇ ਪਹੁੰਚਣ ਦੀ ਉਮੀਦ ਹੈ।