You are currently viewing ਪੰਜਾਬ ‘ਚ ਵੋਟਾਂ ਪੈਣ ਦਾ ਸਮਾਂ ਹੋਇਆ ਖਤਮ, EVM ‘ਚ ਕੈਦ ਹੋਈ 1304 ਉਮੀਦਵਾਰਾਂ ਦੀ ਕਿਸਮਤ

ਪੰਜਾਬ ‘ਚ ਵੋਟਾਂ ਪੈਣ ਦਾ ਸਮਾਂ ਹੋਇਆ ਖਤਮ, EVM ‘ਚ ਕੈਦ ਹੋਈ 1304 ਉਮੀਦਵਾਰਾਂ ਦੀ ਕਿਸਮਤ

ਪੰਜਾਬ ਵਿਚ 117 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਚੁੱਕਾ ਹੈ। ਈਵੀਐੱਮ ਮਸ਼ੀਨਾਂ ਵਿਚ 1304 ਉਮੀਦਵਾਰਾਂ ਦੀ ਕਿਸਮਤ ਕੈਦ ਹੋ ਗਈ ਹੈ, ਜਿਸ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

ਮਤਦਾਨ ਲਈ ਪੂਰੇ ਸੂਬੇ ਵਿਚ 14,751 ਥਾਵਾਂ ‘ਤੇ 24,740 ਪੋਲਿੰਗ ਬੂਥ ਬਣਾਏ ਗਏ ਸਨ। ਪੁਲਿਸ ਦੀ ਸਖਤ ਨਿਗਰਾਨੀ ਸੀ। ਵੋਟਿੰਗ ਦੌਰਾਨ ਸੂਬੇ ਦੀਆਂ ਸਾਰੀਆਂ ਦੁਕਾਨਾਂ ਤੇ ਵਪਾਰਕ ਅਦਾਰੇ ਵੀ ਬੰਦ ਰਹੇ। ਮੁਲਾਜ਼ਮ ਵੀ ਵੋਟਿੰਗ ਕਰ ਸਕਣ ਇਸ ਲਈ ਚੀਫ ਸੈਕ੍ਰੇਟਰੀ ਵੱਲੋਂ ਉਨ੍ਹਾਂ ਨੂੰ ਪੇਡ ਛੁੱਟੀ ਦਿੱਤੀ ਗਈ।

ਸੂਬੇ ਵਿੱਚ ਇਸ ਵਾਰ ਕੁੱਲ 2,14,99,804 ਵੋਟਰ ਹਨ, ਜਿਨ੍ਹਾਂ ਵਿੱਚ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿਚ 1304 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਿਲ ਹਨ।

ਗੌਰਤਲਬ ਹੈ ਕਿ ਪੰਜਾਬ ਵਿਚ ਸ਼ਾਮ 5 ਵਜੇ ਤੱਕ 62 ਫੀਸਦੀ ਵੋਟਿੰਗ ਹੋਈ। ਜ਼ਿਲ੍ਹਾ ਲੁਧਿਆਣਾ ‘ਚ 15,41,063 ਵੋਟਰਾਂ ਨੇ ਵੋਟ ਪਾਈ । ਇਸੇ ਤਰ੍ਹਾਂ ਗਿੱਦੜਬਾਹਾ ‘ਚ 77.80, ਅੰਮ੍ਰਿਤਸਰ ਦੱਖਣੀ 48.06 ਫੀਸਦੀ, ਜਲਾਲਾਬਾਦ 71.50 ਫੀਸਦੀ, ਲੰਬੀ ‘ਚ 72.40 ਫੀਸਦੀ, ਧੂਰੀ ‘ਚ 68 ਫੀਸਦੀ, ਪਟਿਆਲਾ (ਸ਼ਹਿਰੀ) ‘ਚ 59.50 ਫੀਸਦੀ, ਰਾਮਪੁਰਾ ਫੂਲ ‘ਚ 72.40 ਫੀਸਦੀ, ਭੁੱਚੋ ਮੰਡੀ 65.13 ਫੀਸਦੀ, ਖੇਮਕਰਨ ‘ਚ 61 ਫੀਸਦੀ, ਫਿਲੌਰ ਵਿਚ 54.4 ਫੀਸਦੀ ਵੋਟਰਾਂ ਨੇ ਵੋਟ ਪਾਈ।