ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਕਲਾਕਾਰ, ਅਦਾਕਾਰ ਅਤੇ ਸਿਆਸੀ ਲੀਡਰ ਲਗਾਤਾਰ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਦੱਸ ਦਈਏ ਕਿ ਮਨੀਸ਼ਾ ਗੁਲਾਟੀ ਉਦੋਂ ਸੁਰਖੀਆਂ ‘ਚ ਆਏ ਸਨ, ਜਦੋਂ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ Me Too ਦਾ ਇਲਜ਼ਾਮ ਲੱਗਾ ਸੀ। ਉਸ ਵੇਲੇ ਉਹ (ਚੰਨੀ) ਤਕਨੀਕੀ ਸਿੱਖਿਆ ਮੰਤਰੀ ਸਨ। ਕੈਪਟਨ ਸਰਕਾਰ ਵੇਲੇ ਮਨੀਸ਼ਾ ਗੁਲਾਟੀ ਨੇ ਵੀ ਇਸ ਮਾਮਲੇ ਉਤੇ ਚੰਨੀ ਨੂੰ ਘੇਰਿਆ ਸੀ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ। ਮਨੀਸ਼ਾ ਗੁਲਾਟੀ ਨੇ ਕਾਰਵਾਈ ਨਾ ਹੋਣ ਉਤੇ ਧਰਨੇ ਉਤੇ ਬੈਠਣ ਦੀ ਵੀ ਚਿਤਾਵਨੀ ਦਿੱਤੀ ਸੀ, ਪਰ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਸ ਮਸਲੇ ‘ਤੇ ਚੁੱਪ ਧਾਰ ਲਈ ਸੀ। ਪਿਛਲੇ ਸਮੇਂ ਤੋਂ ਮਨੀਸ਼ਾ ਗੁਲਾਟੀ ਕਾਫੀ ਸਰਗਰਮ ਨਜ਼ਰ ਆ ਰਹੇ ਸਨ। ਇਹ ਵੀ ਚਰਚਾ ਸੀ ਕਿ ਕਾਂਗਰਸ ਵੱਲੋਂ ਉਨ੍ਹਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਪਰ ਹੁਣ ਅਚਾਨਕ ਉਹ ਭਾਜਪਾ ਵਿਚ ਸ਼ਾਮਲ ਹੋਏ ਹਨ।