ਫਗਵਾੜਾ 9 ਜਨਵਰੀ
ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਰੁਕ ਰੁਕ ਹੋ ਰਹੀ ਬਾਰਿਸ਼ ਕਾਰਨ ਐਤਵਾਰ ਤੜਕੇ ਪੀਪਾਰੰਗੀ ਇਲਾਕੇ ਵਿੱਚ ਇੱਕ ਡੇਅਰੀ ਫਾਰਮ ਦੀ ਛੱਤ ਡਿੱਗਣ ਨਾਲ ਡੇਅਰੀ ਮਾਲਿਕ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਫਗਵਾੜਾ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਪੀਪਾਰੰਗੀ ਪੁੱਜੇ ਅਤੇ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਿਕ ਮੈਬਰਾਂ ਨਾਲ ਮੁਲਾਕਾਤ ਕਰ ਉਹਨਾਂ ਨਾਲ ਦੁੱਖ ਸਾਂਝਾ ਕੀਤਾ। ਸ ਗੜ੍ਹੀ ਨੇ ਕਿਹਾ ਕਿ ਇਸ ਦੁਰਘਟਨਾ ਵਿੱਚ ਦੋ ਮੌਤਾਂ, ਤਿੰਨ ਜਖਮੀ ਅਤੇ ਦੋ ਮੱਝਾਂ ਦੀ ਮੌਤ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਐਸਡੀਐਮ ਅਤੇ ਐਸਪੀ ਨਾਲ ਗੱਲਬਾਤ ਹੋਈ ਹੈ । ਸੂਚਨਾ ਮਿਲਦੇ ਹੀ ਪ੍ਰਸ਼ਾਸਨ ਵਲੋਂ ਫਸਟ ਏਡ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਸਵੀਰ ਸਿੰਘ ਗੜ੍ਹੀ ਨੇੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਬਰਾਂ ਅਤੇ ਜਖਮੀਆਂ ਨੂੰ ਬਣਦਾ ਮੁਆਵਜਾ ਸਰਕਾਰ ਵਲੋਂ ਜਾਰੀ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੀਪਾਰੰਗੀ ਇਲਾਕੇ ਵਿੱਚ ਕੁੱਝ ਬਿਲਡਿੰਗਾਂ ਦੀ ਹਾਲਤ ਖਸਤਾ ਹੈ, ਇਸ ਸਬੰਧੀ ਵਿਭਾਗ ਜੱਲਦ ਹੀ ਇਲਾਕੇ ਦਾ ਸਰਵੇ ਕਰੇ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰੇ । ਉਥੇ ਹੀ ਉਨ੍ਹਾਂ ਜਖ਼ਮੀਆਂ ਦਾ ਉਚਿਤ ਉਪਚਾਰ ਦੀ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਹਰਭਜਨ ਬਲਾਲੋ, ਮਨੀ ਅੰਬੇਡਕਰ ਪੀਪਾਰੰਗੀ, ਪਰਨੀਸ਼ ਬੰਗਾ, ਪਰਦੀਪ ਮੱਲ, ਬੰਟੀ ਮੋਰਾਂਵਾਲੀ, ਸੰਦੀਪ ਕੋਲਸਰ, ਸਰਕਲ ਜਥੇਦਾਰ ਸਿੰਗਾਰਾ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਬਸਰਾ, ਅਤੇ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਹਾਜ਼ਰ ਸਨ।