ਫਗਵਾੜਾ 7 ਜਨਵਰੀ
ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦਰਮਿਆਨ ਬਠਿੰਡਾ ਤੋਂ ਫਿਰੌਜਪੁਰ ਜਾਂਦੇ ਸਮੇਂ ਹੁਸੈਨੀਵਾਲਾ ਤੋਂ ਪਹਿਲਾਂ ਇਕ ਫਲਾਈ ਓਵਰ ਉੱਪਰ ਉਹਨਾਂ ਦੇ ਕਾਫਿਲੇ ਦੀ ਸੁਰੱਖਿਆ ਵਿਚ ਲਾਪਰਵਾਹੀ ਦੇ ਸਵਾਲ ‘ਤੇ ਅੱਜ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਹਰ ਨਾਗਰਿਕ ਲਈ ਸਨਮਾਨ ਯੋਗ ਹਨ ਪਰ ਸੁਰੱਖਿਆ ਵਿਚ ਲਾਪਰਵਾਹੀ ਦੀ ਗੱਲ ਭਾਜਪਾ ਦੀ ਇਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਜਿਸ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਕੋਈ ਮੁੱਦਾ ਨਹੀਂ ਹੈ। ਹਰ ਪਾਸੇ ਪੂਰੀ ਸ਼ਾਂਤੀ ਦਾ ਮਾਹੌਲ ਹੈ। ਸਰਹੱਦੀ ਸੂਬਾ ਹੋਣ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚੰਨੀ ਸਰਕਾਰ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਸੱਚਾਈ ਇਹ ਹੈ ਕਿ ਭਾਜਪਾ ਆਗੂਆਂ ਫਿਰੋਜਪੁਰ ਰੈਲੀ ‘ਚ ਭਾਜਪਾ ਨੇ 70 ਹਜਾਰ ਕੁਰਸੀਆਂ ਦਾ ਪ੍ਰਬੰਧ ਕੀਤਾ ਪਰ ਇਕ ਹਜਾਰ ਲੋਕ ਵੀ ਨਹੀਂ ਪਹੁੰਚ ਸਕੇ। ਜਿਸ ਕਰਕੇ ਇਹ ਸਾਰਾ ਡਰਾਮਾ ਰਚਿਆ ਗਿਆ ਹੈ। ਦਲਜੀਤ ਰਾਜੂ ਨੇ ਕਿਹਾ ਕਿ ਜਿਸਦੀ ਸੁਰੱਖਿਆ ਵਿਚ ਦਸ ਹਜਾਰ ਮੁਲਾਜਮ ਤਾਇਨਾਤ ਹੋਣ ਦੇ ਨਾਲ ਆਈ.ਬੀ. ਕੇਂਦਰੀ ਗ੍ਰਹਿ ਮੰਤਰਾਲੇ ਅਤੇ ਬੀ.ਐਸ.ਐਫ. ਪੂਰੀ ਤਰ੍ਹਾਂ ਮੁਸਤੈਦ ਹੋਣ ਉਸਦੀ ਸੁਰੱਖਿਆ ਵਿਚ ਕੋਤਾਹੀ ਕਿਸ ਤਰ੍ਹਾਂ ਹੋ ਸਕਦੀ ਹੈ। ਪ੍ਰਧਾਨ ਮੰਤਰੀ ਵਲੋਂ ਅਚਾਨਕ ਹੀ ਸੜਕ ਦੇ ਰਸਤੇ ਹੁਸੈਨੀਵਾਲਾ ਜਾਣ ਦਾ ਫੈਸਲਾ ਸਾਰੀ ਸੱਚਾਈ ਤੋਂ ਪਰਦਾ ਹਟਾ ਦਿੰਦਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵਿਚ ਮੋਦੀ ਸਰਕਾਰ ਪ੍ਰਤੀ ਨਾਰਾਜਗੀ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੇ ਬਾਵਜੂਦ ਖਤਮ ਨਹੀਂ ਹੋਈ ਹੈ, ਇਹ ਗੱਲ ਸਾਰਿਆਂ ਨੂੰ ਪਤਾ ਹੈ। ਫਿਰ ਵੀ ਸੜਕ ਦੇ ਰਸਤੇ ਜਾਣ ਦਾ ਅਚਾਨਕ ਫੈਸਲਾ ਉਹਨਾਂ ਕੀ ਸੋਚ ਕੇ ਕੀਤਾ ਇਹ ਭਾਜਪਾ ਨੂੰ ਦੱਸਣਾ ਚਾਹੀਦਾ ਹੈ। ਜਾਂਦੇ ਸਮੇਂ ਏਅਰ ਪੋਰਟ ਦੇ ਅਧਿਕਾਰੀਆਂ ਨੂੰ ਕਹਿ ਦੇਣਾ ਕਿ ‘ਆਪਣੇ ਸੀ.ਐਮ. ਨੂੰ ਦੱਸ ਦਿਓ ਕਿ ਮੈਂ ਏਅਰਪੋਰਟ ਜਿੰਦਾ ਪੁੱਜ ਗਿਆ ਹਾਂ।’ ਇਹ ਜੁਮਲਾ ਪ੍ਰਧਾਨ ਮੰਤਰੀ ਵਰਗੇ ਉੱਚੇ ਅਹੁਦੇ ‘ਤੇ ਵਿਰਾਜਮਾਨ ਵਿਅਕਤੀ ਨੂੰ ਕਿਸੇ ਸੂਬੇ ਦੀ ਚੁਣੀ ਹੋਈ ਸਰਕਾਰ ਦੇ ਮੁਖੀ ਲਈ ਕਹਿਣਾ ਸ਼ੋਭਾ ਨਹੀਂ ਦਿੰਦਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਸਰਪੰਚ ਪੰਡਵਾ ਅਤੇ ਵਰੁਣ ਬੰਗੜ ਚੱਕ ਹਕੀਮ ਵੀ ਮੌਜੂਦ ਸਨ।