ਫਗਵਾੜਾ 2 ਜਨਵਰੀ
ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਫਗਵਾੜਾ ਕਾਰਪੋਰੇਸ਼ਨ ਉੱਪਰ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਇਕ ਵਾਰ ਫਿਰ ਟੈਂਡਰ ਘੋਟਾਲੇ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਸਭ ਤੋਂ ਵੱਧ 33% ਲੈਸ ਦਾ ਟੈਂਡਰ ਭਰਨ ਵਾਲੀ ਪਾਰਟੀ ਨੂੰ ਦਰਕਿਨਾਰ ਕਰਕੇ ਵਿਵੇਕ ਇੰਟਰਪ੍ਰਾਈਜਿਜ ਨੂੰ ਦੁਬਾਰਾ ਤੋਂ ਸਿਰਫ 1.5% ਲੈਸ ਦੇ ਟੈਂਡਰ ਉਪਰ ਕਾਰਪੋਰੇਸ਼ਨ ਦਾ ਠੇਕਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਨੂੰ ਨਵ-ਨਿਯੁਕਤ ਕਮੀਸ਼ਰਨ ਦੇ ਨੋਟਿਸ ਵਿਚ ਲਿਆਉਣ ਤੋਂ ਬਾਅਦ ਹੁਣ ਬੀਤੇ ਦਿਨ ਫਗਵਾੜਾ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮਾਰਫਤ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਕਾਰਪੋਰੇਸ਼ਨ ਫਗਵਾੜਾ ਦੇ ਕਾਲੇ ਕਾਰਨਾਮਿਆਂ ਦੀ ਸੀ.ਬੀ.ਆਈ. ਤੋਂ ਨਿਰਪੱਖ ਜਾਂਚ ਕਰਵਾਈ ਜਾਵੇ। ਉਹਨਾਂ ਦੱਸਿਆ ਕਿ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਨੂੰ ਜਲਦੀ ਹੀ ਕੇਂਦਰ ਸਰਕਾਰ ਦੇ ਨੋਟਿਸ ਵਿਚ ਲਿਆ ਕੇ ਬਣਦੀ ਕਾਰਵਾਈ ਕਰਵਾਈ ਜਾਵੇਗੀ। ਇੱਥੇ ਦੱਸਣਯੋਗ ਹੈ ਕਿ ਸਾਬਕਾ ਮੇਅਰ ਅਰੁਣ ਖੋਸਲਾ ਪਹਿਲਾਂ ਵੀ ਵਿਵੇਕ ਇੰਟਰਪ੍ਰਾਈਜਿਜ ਦੀ ਕਾਰਗੁਜਾਰੀ ਨੂੰ ਸਵਾਲੀਆ ਘੇਰੇ ਵਿਚ ਲਿਆਂਦੇ ਰਹੇ ਹਨ। ਉਹਨਾਂ ਇਹ ਦੋਸ਼ ਵੀ ਲਾਇਆ ਸੀ ਕਿ 1200 ਰੁਪਏ ਵਾਲੀ ਐਲ.ਈ.ਡੀ. ਸਟ੍ਰੀਟ ਲਾਈਟ ਇਸ ਠੇਕੇਦਾਰ ਵਲੋਂ 2800 ਰੁਪਏ ਦੇ ਮਹਿੰਗੇ ਭਾਅ ਤੇ ਖਰੀਦ ਕਰਕੇ ਕਾਰਪੋਰੇਸ਼ਨ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਨਤਾ ਦੇ ਖਜਾਨੇ ਨੂੰ ਲੁੱਟਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸੰਗੀਨ ਦੋਸ਼ ਮੇਅਰ ਖੋਸਲਾ ਇਸ ਕੰਪਨੀ ਉੱਪਰ ਲਗਾਉਂਦੇ ਰਹੇ ਹਨ ਲੇਕਿਨ ਪਿਛਲੇ ਕਮੀਸ਼ਨਰ ਰਾਜੀਵ ਵਰਮਾ ਸਮੇਤ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਖੋਸਲਾ ਵਲੋਂ ਲਗਾਏ ਜਾਣ ਵਾਲੇ ਦੋਸ਼ਾਂ ਨੂੰ ਲੈ ਕੇ ਕੋਈ ਵੀ ਟਿੱਪਣੀ ਨਹੀਂ ਕੀਤੀ ਸੀ।