ਫਗਵਾੜਾ 28 ਦਸੰਬਰ
ਦੇਸ਼ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਸਵਰਗਵਾਸੀ ਅਰੁਣ ਜੇਤਲੀ ਦੀ ਜਯੰਤੀ ਮੌਕੇ ਅੱਜ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਅਰੁਣ ਜੇਤਲੀ ਨੇ ਸਾਰੀ ਜਿੰਦਗੀ ਦੇਸ਼ ਦੀ ਸੇਵਾ ਵਿਚ ਸਮਰਪਿਤ ਕੀਤੀ। ਭਾਰਤ ਦੇ ਪ੍ਰਸਿੱਧ ਵਕੀਲ, ਅਰਥ ਸ਼ਾਸਤਰੀ, ਕਰਮਯੋਗੀ ਅਤੇ ਮਹਾਨ ਚਿੰਤਕ ਵਜੋਂ ਉਹ ਲੋਕਾਂ ਦੇ ਦਿਲ ਵਿਚ ਹਮੇਸ਼ਾ ਵੱਸਦੇ ਰਹਿਣਗੇ। ਸਾਬਕਾ ਮੇਅਰ ਨੇ ਦੱਸਿਆ ਕਿ ਉਹਨਾਂ ਨੂੰ ਦੇਸ਼ ਅਤੇ ਸੰਗਠਨ ਦੇ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਦੀ ਪ੍ਰੇਰਣਾ ਸ੍ਰੀ ਅਰੁਣ ਜੇਤਲੀ ਤੋਂ ਹੀ ਮਿਲੀ ਹੈ। ਪੁਰਾਣੀ ਯਾਦਾਂ ਨੂੰ ਤਾਜਾ ਕਰਦਿਆਂ ਉਹਨਾਂ ਦੱਸਿਆ ਕਿ ਜਦੋਂ ਵੀ ਫਗਵਾੜਾ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਬੇਨਤੀ ਲੈ ਕੇ ਉਹ ਦਿੱਲੀ ਵਿਖੇ ਅਰੁਣ ਜੇਤਲੀ ਨੂੰ ਮਿਲਦੇ ਤਾਂ ਕਦੇ ਵੀ ਉਹਨਾਂ ਨੂੰ ਨਿਰਾਸ਼ ਵਾਪਸ ਨਹੀਂ ਮੁੜਨਾ ਪਿਆ। ਕਿਉਂਕਿ ਸ੍ਰੀ ਜੇਤਲੀ ਜਿੱਥੇ ਖਿੜੇ ਮੱਥੇ ਉਹਨਾਂ ਦਾ ਸਵਾਗਤ ਕਰਦੇ ਉੱਥੇ ਹੀ ਹਰ ਸੰਭਵ ਮੱਦਦ ਵੀ ਕਰਦੇ ਸਨ।