ਭਾਰਤ ਰਤਨ ਡਾ. ਅੰਬੇਦਕਰ ਦਾ ਸੁਪਨਾ ਕੇਵਲ ਸਿੱਖਿਆ ਦੇ ਪਸਾਰ ਨਾਲ ਹੀ ਸਾਕਾਰ ਹੋਵੇਗਾ -ਡਾ. ਰਾਜ ਕੁਮਾਰ ਵੇਰਕਾ ,ਫਗਵਾੜਾ ਵਿਖੇ ਡਾ.ਬੀ.ਆਰ. ਅੰਬੇਦਕਰ ਇੰਟਰਨੈਸ਼ਨਲ ਸਕੂਲ ਦਾ ਨੀਂਹ ਪੱਥਰ ,ਪਹਿਲੀ ਕਿਸ਼ਤ ਵਜੋਂ ਪੰਜਾਬ ਸਰਕਾਰ ਦੀ ਤਰਫੋਂ 25 ਲੱਖ ਰੁਪੈ ਦੇਣ ਦਾ ਐਲਾਨ

ਫਗਵਾੜਾ, 19 ਦਸੰਬਰ
ਪੰਜਾਬ ਦੇ ਸਮਾਜਿਕ ਨਿਆਂ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ.ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਭਾਰਤ ਰਤਨ  ਡਾ. ਬੀ.ਆਰ. ਅੰਬੇਦਕਰ ਦਾ ਸੁਪਨਾ ਕੇਵਲ ਸਿੱਖਿਆ ਦੇ ਪਸਾਰ ਨਾਲ ਹੀ ਸਾਕਾਰ ਹੋ ਸਕਦਾ ਹੈ, ਜਿਸ ਲਈ ਸਾਨੂੰ ਭਵਿੱਖੀ ਨਸਲਾਂ ਦੀ ਸਿੱਖਿਆ ਵੱਲ ਵਿਸ਼ੇਸ਼ ਤਵੱਜ਼ੋਂ ਦੇਣ ਦੀ ਲੋੜ ਹੈ। ਉਨ੍ਹਾਂ ਅੱਜ ਫਗਵਾੜਾ ਵਿਖੇ ਡਾ.ਬੀ.ਆਰ. ਅੰਬੇਦਕਰ ਇੰਟਰਨੈਸ਼ਨਲ ਸਕੂਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨਾਲ ਪੰਜਾਬ ਐਗਰੋ ਦੇ ਚੇਅਰਮੈਨ ਸ. ਜੋਗਿੰਦਰ ਸਿੰਘ ਮਾਨ (ਕੈਬਨਿਟ ਰੈਂਕ), ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਵੀ ਸਨ। ਡਾ. ਵੇਰਕਾ ਨੇ ਕਿਹਾ ਕਿ ਡਾ. ਅੰਬੇਦਕਰ ਵਲੋਂ ਸਿੱਖਿਆ ਨੂੰ ਸਮਾਜ ਦੇ ਵਿਕਾਸ ਦਾ ਅਧਾਰ ਦੱਸਿਆ ਗਿਆ ਸੀ, ਜਿਸ ਤਹਿਤ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਪਸਾਰ ਵੱਲ ਵਿਸ਼ੇਸ਼ ਤਵੱਜ਼ੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਮਜ਼ੋਰ ਤਬਕੇ ਨਾਲ ਸਬੰਧਿਤ ਲੋਕ ਆਪਣੇ ਬੱਚਿਆਂ ਦੀ ਸਿੱਖਿਆ ’ਤੇ ਜ਼ੋਰ ਦੇਣ ਜੋ ਕਿ ਡਾ. ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਲਈ 5-5 ਮਰਲੇ ਦੇ ਪਲਾਟ ਦੇਣ, ਬਿਜਲੀ ਦੇ ਬਿੱਲ ਮੁਆਫ ਕਰਨ ਵਰਗੇ ਇਤਿਹਾਸਕ ਕਦਮ ਚੁੱਕੇ ਗਏ ਹਨ।

ਕੈਬਨਿਟ ਮੰਤਰੀ ਵਲੋਂ ਇਸ ਮੌਕੇ ਭਾਰਤ ਰਤਨ ਡਾ. ਬੀ.ਆਰ.ਅੰਬੇਦਕਰ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ। ਇਸ ਤੋਂ ਪਹਿਲਾਂ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਜਿੱਥੇ ਡਾ. ਰਾਜ ਕੁਮਾਰ ਵੇਰਕਾ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਸ ਸਕੂਲ ਨਾਲ ਨਾ ਸਿਰਫ ਫਗਵਾੜਾ ਸਗੋਂ ਨੇੜਲੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਵੀ ਵੱਡਾ ਲਾਭ ਹੋਵੇਗਾ।  ਇਸ ਮੌਕੇ ਡਾ.ਅੰਬੇਦਕਰ ਟਰੱਸਟ ਫਾਰ ਐਜੂਕੇਸ਼ਨ ਐਂਡ ਲਰਨਿੰਗ ਦੇ ਚੇਅਰਮੈਨ ਹਰਭਜਨ ਸੁਮਨ, ਡਾ ਐਸ ਰਾਜਨ ਪ੍ਰਧਾਨ, ਐਸ.ਡੀ.ਐਮ. ਕੁਲਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।