You are currently viewing ਸਿੱਖਾਂ ਖਿਲਾਫ ਬੋਲਣ ‘ਤੇ ਕੰਗਨਾ ਨੂੰ ਬੰਬੇ ਹਾਈ ਕੋਰਟ ਦਾ ਝਟਕਾ, ਪੁਲਿਸ ਸਾਹਮਣੇ ਪੇਸ਼ ਹੋਣ ਦਾ ਦਿੱਤਾ ਹੁਕਮ

ਸਿੱਖਾਂ ਖਿਲਾਫ ਬੋਲਣ ‘ਤੇ ਕੰਗਨਾ ਨੂੰ ਬੰਬੇ ਹਾਈ ਕੋਰਟ ਦਾ ਝਟਕਾ, ਪੁਲਿਸ ਸਾਹਮਣੇ ਪੇਸ਼ ਹੋਣ ਦਾ ਦਿੱਤਾ ਹੁਕਮ

ਅਦਾਕਾਰਾ ਕੰਗਨਾ ਰਣੌਤ ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਕੰਗਨਾ ਰਣੌਤ ਵੱਲੋਂ ਸਿੱਖ ਭਾਈਚਾਰੇ ਖਿਲਾਫ਼ ਸੋਸ਼ਲ ਮੀਡੀਆ ‘ਤੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਵਿੱਚ FIR ਦਰਜ ਕਰਵਾਈ ਗਈ ਸੀ। ਇਸ ਮਾਮਲੇ ਵਿੱਚ ਸੋਮਵਾਰ ਨੂੰ ਹਾਈਕੋਰਟ ਵਿੱਚ ਸੁਣਵਾਈ ਕੀਤੀ ਗਈ। ਦਰਅਸਲ, ਅਪਮਾਨਜਨਕ ਟਿੱਪਣੀਆਂ ਲਈ ਦਰਜ ਕੀਤੀ ਗਈ ਐਫਆਈਆਰ ਵਿਰੁੱਧ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਬੰਬੇ ਹਾਈ ਕੋਰਟ ਨੇ ਕੰਗਨਾ ਨੂੰ 22 ਦਸੰਬਰ ਤੱਕ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ । ਮਹਾਰਾਸ਼ਟਰ ਸਰਕਾਰ 25 ਜਨਵਰੀ ਤੱਕ ਉਸ ਵਿਰੁੱਧ ਕੋਈ ਜ਼ਬਰਦਸਤੀ ਕਾਰਵਾਈ ਨਾ ਕਰਨ ਲਈ ਸਹਿਮਤ ਹੋ ਗਈ ਹੈ ।

Bombay high court orders kangana ranaut
Bombay high court orders kangana ranaut

ਦਰਅਸਲ, ਇਸ ਮਾਮਲੇ ਵਿੱਚ ਮੁੰਬਈ ਪੁਲਿਸ ਵੱਲੋਂ ਬੰਬੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਕੰਗਨਾ ਰਣੌਤ ਨੂੰ 25 ਜਨਵਰੀ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੱਕ ਗ੍ਰਿਫਤਾਰ ਨਹੀਂ ਕਰੇਗੀ, ਬਸ਼ਰਤੇ ਉਹ ਆਪਣੇ ਵੱਲੋਂ ਕੀਤੀਆਂ ਸਿੱਖ ਵਿਰੋਧੀ ਇੰਸਟਾਗ੍ਰਾਮ ਪੋਸਟਾਂ ਦੇ ਸਬੰਧ ਵਿੱਚ ਜਾਂਚ ਵਿੱਚ ਸਹਿਯੋਗ ਕਰਦੀ ਹੋਵੇ । ਇਸ ਮਾਮਲੇ ਵਿੱਚ ਕੰਗਨਾ ਰਣੌਤ ਨੇ ਹਾਈਕੋਰਟ ਨੂੰ ਦੱਸਿਆ ਕਿ ਉਹ 22 ਦਸੰਬਰ ਤੱਕ ਖਾਰ ਪੁਲਿਸ ਜਾ ਕੇ ਆਪਣਾ ਬਿਆਨ ਦਰਜ ਕਰਵਾਏਗੀ।

ਜ਼ਿਕਰਯੋਗ ਹੈ ਕਿ ਜਦੋਂ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ ਤਾਂ ਅਦਾਕਾਰਾ ਵੱਲੋਂ ਸਿੱਖ ਭਾਈਚਾਰੇ ਖਿਲਾਫ਼ ਟਿੱਪਣੀ ਕੀਤੀ ਗਈ ਸੀ। ਜਿਸ ਤੋਂ ਉਸਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਵੀ ਕਹਿ ਚੁੱਕੀ ਹੈ। ਜਿਸ ਤੋਂ ਬਾਅਦ ਕੰਗਨਾ ਵੱਲੋਂ ਆਜ਼ਾਦੀ ਘੁਲਾਟੀਆਂ ਬਾਰੇ ਵੀ ਨਫਰਤ ਭਰੀਆਂ ਪੋਸਟਾਂ ਪਾਈਆਂ ਗਈਆਂ। ਉਸਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਕੰਗਨਾ ਖਿਲਾਫ ਕਈ ਥਾਵਾਂ ‘ਤੇ ਐੱਫ.ਆਈ.ਆਰ. ਦਰਜ ਕਰਵਾ ਕੇ ਉਸ ਤੋਂ ਪਦਮ ਸ਼੍ਰੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।